ਜੇਐੱਨਐੱਨ, ਕਪੂਰਥਲਾ : ਮੰਗਲਵਾਰ ਸਵੇਰੇ ਲਗਪਗ ਚਾਰ ਘੰਟੇ ਲਗਾਤਾਰ ਪਏ ਮੋਹਲੇਧਾਰ ਮੀਂਹ ਨਾਲ ਵਿਰਾਸਤੀ ਸ਼ਹਿਰ ਜਲ-ਥਲ ਹੋ ਗਿਆ। ਬਾਰਿਸ਼ ਕਾਰਨ ਸ਼ਹਿਰ ਦੇ ਅਨੇਕਾਂ ਹੇਠਲੇ ਖੇਤਰਾਂ 'ਚ ਪਾਣੀ ਭਰ ਗਿਆ ਤੇ ਮੁਹੱਲਿਆਂ ਦੀਆਂ ਗਲੀਆਂ ਤੇ ਸੜਕਾਂ ਨੇ ਨਹਿਰਾਂ ਦਾ ਰੂਪ ਧਾਰਨ ਕਰ ਲਿਆ। ਮੰਗਲਵਾਰ ਸਵੇਰੇ 6 ਵਜੇ ਸ਼ੁਰੂ ਬਰਸਾਤ 10 ਵਜੇ ਤਕ ਹੁੰਦੀ ਰਹੀ, ਜਿਸ ਨਾਲ ਪੂਰਾ ਸ਼ਹਿਰ ਸੀਵਰੇਜ ਬੰਦ ਦੀ ਸਮੱਸਿਆ ਕਾਰਨ ਜਲ-ਥਲ ਹੋ ਗਿਆ। ਸਕੂਲੀ ਬੱਚਿਆਂ ਦੇ ਨਾਲ-ਨਾਲ ਕੰਮਕਾਜ 'ਤੇ ਜਾਣ ਵਾਲੇ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ 'ਤੇ ਸੀਵਰੇਜ ਦੇ ਢੱਕਣ ਨਾ ਹੋਣ ਕਾਰਨ ਕਈ ਵਾਹਨ ਚਾਲਕ ਘਟਨਾਵਾਂ ਦਾ ਸ਼ਿਕਾਰ ਵੀ ਹੋਏ ਤੇ ਨਗਰ-ਨਿਗਮ ਨੂੰ ਕੋਸਦੇ ਹੋਏ ਨਜ਼ਰ ਆਏ। ਮੰਗਲਵਾਰ ਸ਼ਾਮ ਨੂੰ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਤੇ ਅਸਮਾਨ 'ਚ ਕਾਲੇ ਬੱਦਲ ਛਾ ਗਏ। ਠੰਢੀਆਂ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ। ਲਗਪਗ ਤਿੰਨ ਘੰਟੇ ਹੋਈ 29 ਐੱਮਐੱਮ ਬਾਰਿਸ਼ ਨਾਲ ਨਗਰ ਨਿਗਮ ਦੇ ਸਾਰੇ ਦਾਅਵੇ ਪਾਣੀ ਦੇ ਨਾਲ ਹੀ ਘੁਲ ਗਏ। ਛੋਟੇ-ਛੋਟੇ ਬੱਚੇ ਬਰਸਾਤ ਦਾ ਆਨੰਦ ਲੈਂਦੇ ਨਜ਼ਰ ਆਏ। ਦੂਜੇ ਪਾਸੇ ਬਾਰਿਸ਼ ਕਾਰਨ ਮਾਲ ਰੋਡ, ਸ਼ਹੀਦ ਭਗਤ ਸਿੰਘ ਚੌਕ, ਪੁਰਾਣੀ ਦਾਣਾ ਮੰਡੀ ਰੋਡ, ਕੋਟੂ ਚੌਕ, ਜੱਟਾ ਪੁਰਾ, ਮਾਡਲ ਟਾਊਨ, ਮੁੱਹਲਾ ਸ੍ਰੀ ਸੱਤ ਨਾਰਾਇਣ ਬਾਜ਼ਾਰ, ਮਾਰਕਫੈੱਡ ਚੌਕ, ਬੱਸ ਸਟੈਂਡ, ਲਾਹੌਰੀ ਗੇਟ, ਸਬਜ਼ੀ ਮੰਡੀ ਸਮੇਤ ਕਈ ਇਲਾਕਿਆਂ 'ਚ ਪਾਣੀ ਭਰ ਗਿਆ। ਇਸ ਕਾਰਨ ਪੈਦਲ ਚੱਲਣ ਵਾਲੇ ਤੇ ਦੋਪਹੀਆਂ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ, ਜਿਸ ਕਾਰਨ ਤੇਜ਼ ਹਵਾਵਾਂ ਚੱਲਣ ਨਾਲ ਝੋਨੇ ਦੀ ਫ਼ਸਲ ਡਿੱਗਣ ਨਾਲ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।

ਖਸਤਾ ਹਾਲਤ ਇਮਾਰਤਾਂ ਦੇ ਡਿੱਗਣ ਦਾ ਖ਼ਤਰਾ

ਮੰਗਲਵਾਰ ਨੂੰ ਪਏ ਮੋਹਲੇਧਾਰ ਮੀਂਹ ਤੇ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਸ਼ਹਿਰ ਦੀਆਂ ਕਈ ਪੁਰਾਣੀਆਂ ਤੇ ਖਸਤਾ ਹਾਲ ਹੋ ਚੁੱਕੀਆਂ ਇਮਾਰਤਾਂ ਕਦੇ ਵੀ ਕਮਜ਼ੋਰ ਪੈ ਕੇ ਡਿੱਗ ਸਕਦੀਆਂ ਹਨ। ਕਈ ਇਮਾਰਤਾਂ ਬਾਜ਼ਾਰਾਂ ਤੇ ਮੇਨ ਰੋਡ 'ਤੇ ਸਥਿਤ ਹਨ, ਜਿੱਥੇ ਰੋਜ਼ਾਨਾ ਵੱਡੀ ਗਿਣਤੀ 'ਚ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਅਜਿਹੇ 'ਚ ਖਸਤਾ ਹੋ ਚੁੱਕੀਆਂ ਇਮਾਰਤਾਂ ਡਿੱਗ ਸਕਦੀਆਂ ਹਨ।

ਪ੍ਰਸ਼ਾਸਨ ਦੇ ਦਾਅਵੇ ਵਹਿ ਗਏ ਬਰਸਾਤ 'ਚ

ਪ੍ਰਸ਼ਾਸਨ ਨੇ ਮਾਨਸੂਨ ਆਉਣ ਤੋਂ ਪਹਿਲਾਂ ਦਾਅਵੇ ਕੀਤੇ ਸਨ ਕਿ ਸ਼ਹਿਰ ਦੇ ਸਾਰੇ ਸੀਵਰੇਜ, ਨਾਲਿਆਂ ਦੀ ਸਫਾਈ ਕਰਵਾ ਦਿੱਤੀ ਗਈ ਹੈ ਤੇ ਬਰਸਾਤ ਦੇ ਦਿਨਾਂ 'ਚ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ, ਪਰ ਮੰਗਲਵਾਰ ਨੂੰ ਹੋਈ ਪਹਿਲੀ ਮੋਹਲੇਧਾਰ ਬਾਰਿਸ਼ ਨੇ ਨਗਰ ਕੌਂਸਲਾਂ ਦੇ ਦਾਅਵਿਆਂ 'ਤੇ ਪਾਣੀ ਫੇਰ ਦਿੱਤਾ। ਬਰਸਾਤ ਕਾਰਨ ਹੇਠਲੇ ਇਲਾਕੇ ਪਾਣੀ 'ਚ ਡੁੱਬ ਗਏ। ਇਸ ਕਾਰਨ ਲੋਕ ਨਗਰ ਨਿਗਮ ਨੂੰ ਕੋਸਦੇ ਹੋਏ ਨਜ਼ਰ ਆਏ।

ਜਲਦੀ ਹੋਵੇਗੀ ਸੀਵਰੇਜ ਦੀ ਸਫਾਈ : ਈਓ

ਇਸ ਸਬੰਧੀ ਨਗਰ ਨਿਗਮ ਦੇ ਈਓ ਬਿ੍ਜ ਮੋਹਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦੀ ਸੀਵਰੇਜ ਦੀ ਸਫਾਈ ਤੇ ਟੁੱਟੀਆਂ ਸੜਕਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ, ਤਾਂਕਿ ਲੋਕਾਂ ਨੂੰ ਆ ਰਹੀ ਸਮੱਸਿਆ ਤੋਂ ਨਿਜਾਤ ਮਿਲ ਸਕੇ।