ਸਰਬੱਤ ਸਿੰਘ ਕੰਗ, ਬੇਗੋਵਾਲ

ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ ਲੋਕ ਨਿਰਮਾਣ ਵਿਭਾਗ ਕਪੂਰਥਲਾ ਦੇ ਇੰਜੀਨੀਅਰ ਵੱਲੋਂ ਤਲਵੰਡੀ ਕੂਕਾ ਪੰਚਾਇਤ ਵੱਲੋਂ ਨਡਾਲਾ ਬੇਗੋਵਾਲ, ਵੱਡੀ ਮਿਆਣੀ ਸੜਕ 'ਤੇ ਗੈਰ ਕਨੂੰਨੀ ਢੰਗ ਨਾਲ 3-4 ਫੁੱਟਾ ਰੈਂਪ ਬਣਾਉਣ ਲਈ ਨੋਟਿਸ ਜਾਰੀ ਕੀਤਾ ਹੈ। ਇਸ ਸਬੰਧੀ ਉਕਤ ਅਧਿਕਾਰੀ ਵੱਲੋਂ ਲਿਖਤੀ ਨੋਟਿਸ ਰਾਹੀਂ ਆਖਿਆ ਕਿ ਆਪ ਨੂੰ ਮਿਤੀ 16-6-2020 ਨੂੰ ਪੱਤਰ ਨੰਬਰ 620 ਰਾਹੀਂ ਪਿੰਡ ਦੇ ਚੱਲ ਰਹੇ ਸੀਵਰੇਜ ਦੇ ਕੰਮ ਸਬੰਧੀ ਸੜਕ ਦੀ ਕਰਾਸਿੰਗ ਤੇ ਜਮੀਨ ਦੋਜ ਪਾਈਪ ਪਾਉਣ ਦੀ ਮਨਜੂਰੀ ਦਿੱਤੀ ਸੀ। ਪਰ ਆਪ ਨੇ ਨਿਯਮਾਂ ਦੀ ਉਲੰਘਣਾ ਕਰ ਕੇ ਸੜਕ ਉੱਪਰ ਦੀ ਪਾਈਪ ਪਾ ਕੇ 3-4 ਫੁੱਟ ਦਾ ਰੈਂਪ ਬਣਾ ਦਿੱਤਾ ਹੈ। ਜੋ ਕਿ ਗਲਤ ਹੈ। ਕਪੂਰਥਲਾ, ਨਡਾਲਾ ਬੇਗੋਵਾਲ, ਵੱਡੀ ਮਿਆਣੀ ਵਾਲਾ ਇਹ ਸਡਿਊਲ ਰੋਡ ਹੈ। ਜਿਸ ਉਪਰ ਦਿਨ-ਰਾਤ ਭਾਰੀ ਆਵਾਜਾਈ ਰਹਿੰਦੀ ਹੈ। ਇਸ ਰੈਂਪ ਵਿਚ ਪਾਏ ਪਾਈਪ ਕਿਸੇ ਵੀ ਵੇਲੇ ਟੁੱਟ ਸਕਦੇ ਹਨ। ਕਿਸੇ ਵੀ ਵੇਲੇ ਕੋਈ ਹਾਦਸਾ ਵਾਪਰ ਸਕਦਾ ਹੈ। ਇਸ ਲਈ ਜਿਨ੍ਹਾਂ ਚਿਰ ਇਸ ਸਬੰਧੀ ਕੋਈ ਫੈਸਲਾ ਨਹੀਂ ਹੋ ਜਾਂਦਾ, ਇਸ ਸੜਕ ਦੀ ਸੰਭਾਲ ਦੀ ਜਿਮੇਵਾਰੀ ਪੰਚਾਇਤ ਦੀ ਹੈ। ਅਗਰ ਕੋਈ ਹਾਦਸਾ ਵਾਪਰਦਾ ਹੈ ਤਾਂ ਉਸਦੀ ਜਿਮੇਵਾਰੀ ਆਪ ਦੀ ਹੈ। ਦੂਜੇ ਪਾਸੇ ਪੰਚਾਇਤ ਵੱਲੋਂ ਕੀਤੇ ਇਸ ਕੰਮ ਦਾ ਪਿੰਡ, ਇਲਾਕੇ ਦੇ ਲੋਕਾਂ, ਬੱਸ ਤੇ ਟਰੱਕ ਅਪਰੇਟਰਾਂ ਨੇ ਵਿਰੋਧ ਕੀਤਾ ਸੀ। ਪਰ ਪੰਚਾਇਤ 'ਤੇ ਇਸ ਗੱਲ ਦਾ ਕੋਈ ਅਸਰ ਨਹੀਂ ਸੀ ਹੋਇਆ। ਕਿਸੇ ਵੀ ਵੇਲੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਨੋਟਿਸ ਦੇ ਬਾਅਦ ਕੀ ਕਾਰਵਾਈ ਹੁੰਦੀ ਹੈ। ਇਹ ਆਉਣ ਸਮੇਂ 'ਚ ਪਤਾ ਲੱਗੇਗਾ।