ਪੱਤਰ ਪ੍ਰੇਰਕ, ਨਡਾਲਾ : ਅਮਰੀਕਾ ਦੀ ਕੈਲੀਫੋਰਨੀਆ 'ਚ ਹੋਏ ਸੜਕ ਹਾਦਸੇ 'ਚ ਪਿੰਡ ਮਿਰਜਾਪੁਰ ਵਾਸੀ ਨੌਜਵਾਨ ਸ਼ਰਨਜੀਤ ਸਿੰਘ (21) ਪੁੱਤਰ ਜਸਵਿੰਦਰ ਸਿੰਘ ਦੀ ਮੌਤ ਹੋ ਗਈ। ਘਟਨਾ ਸਮੇਂ ਉਹ ਇਕ ਟਰਾਲੇ 'ਤੇ ਸਾਮਾਨ ਲੈ ਕੇ ਮੈਕਸੀਕੋ ਜਾ ਰਹੇ ਸਨ ਤਾਂ ਅੱਗੇ ਜਾ ਰਹੇ ਟਰਾਲੇ ਨਾਲ ਉਨ੍ਹਾਂ ਦਾ ਟਰਾਲਾ ਟਕਰਾ ਗਿਆ। ਟਰਾਲੇ ਨੂੰ ਨਡਾਲਾ ਨਿਵਾਸੀ ਨੌਜਵਾਨ ਚਲਾ ਰਿਹਾ ਸੀ ਜਦਕਿ ਸ਼ਰਨਜੀਤ ਸਿੰਘ ਦੂਜੇ ਪਾਸੇ ਸੁੱਤਾ ਪਿਆ ਸੀ। ਟੱਕਰ ਏਨੀ ਜ਼ਬਰਦਸਤ ਸੀ ਕਿ ਟਰਾਲਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜਿਸ ਕਾਰਨ ਸ਼ਰਨਜੀਤ ਦੀ ਮੌਤ ਹੋ ਗਈ। ਉਸ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਅਮਰੀਕਾ ਗਿਆ ਸੀ। ਉਨ੍ਹਾਂ ਦਾ ਇੱਕੋ ਬੇਟਾ ਅਤੇ ਇਕ ਬੇਟੀ ਹੈ ਦੋ ਕੁ ਮਹੀਨੇ ਬਾਅਦ ਉਸ ਨੇ ਆਪਣੀ ਭੈਣ ਦੇ ਵਿਆਹ 'ਤੇ ਆਉਣਾ ਸੀ ਪਰ ਇਹ ਭਾਣਾ ਵਾਪਰ ਗਿਆ।