ਹਰਮੇਸ਼ ਸਰੋਆ, ਫਗਵਾੜਾ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮੌਨਸੂਨ ਸੀਜਨ ਦੌਰਾਨ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਐਨ ਜੀਡੀ ਗਰਗ ਵੱਲੋਂ ਫਗਵਾੜਾ ਦੇ ਸੁਖਜੀਤ ਮੈਗਾ ਫੂਡ ਪਾਰਕ ਵਿਖੇ ਬੂਟਾ ਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਿੰਮ, ਧਰੇਕ, ਜਾਮੁਨ, ਅਰਜੁਨ, ਟਾਹਲੀ, ਕਿਚਨਾਰ ਆਦਿ ਦੇ 2500 ਬੂਟੇ ਲਾਏ ਜਾਣ ਦੀ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦੇਸ਼ ਪਾਲ ਵਿੱਗ ਤੇ ਮੈਂਬਰ ਸਕੱਤਰ ਕਰੁਨੇਸ਼ ਗਰਗ ਵੱਲੋਂ ਸਮੂਹ ਖੇਤਰੀ ਦਫਤਰਾਂ ਨੂੰ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਗ੍ਰੀਨ ਕਵਰ ਨੂੰ ਵਧਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ 15 ਅਗਸਤ ਤੱਕ ਜਾਰੀ ਰਹੇਗੀ। ਇਸ ਮੌਕੇ ਸੁਖਜੀਤ ਸਟਾਰਚ ਤੋਂ ਭਵਦੀਪ ਸਰਦਾਨਾ, ਇੰਜੀ. ਤਜਿੰਦਰ ਕੁਮਾਰ, ਇੰਜੀ. ਵਚਨਪਾਲ ਸਿੰਘ ਆਦਿ ਹਾਜ਼ਰ ਸਨ।