ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਉਦਯੋਗਾਂ ਨੂੰੰ ਵਾਤਾਵਰਨ ਪੱਖੀ ਗੈਸ ਦੀ ਵਰਤੋਂ ਵੱਲ ਮੋੜਨ ਦੇ ਉਦੇਸ਼ ਨਾਲ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਕੁਦਰਤੀ ਗੈਸ 'ਤੇ ਵੈਟ ਦੀ ਦਰ 14.3 ਫ਼ੀਸਦੀ ਤੋਂ ਘਟਾ ਕੇ 3.3 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ 11 ਫ਼ੀਸਦੀ ਦੀ ਕਟੌਤੀ ਕੀਤੀ ਹੈ। ਇਹ ਫ਼ੈਸਲਾ ਸੁਲਤਾਨਪੁਰ ਲੋਧੀ 'ਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਖਿਆ ਕਿ ਵੈਟ ਘਟਾਉਣ ਨਾਲ ਸੂਬੇ ਵਿਚ ਉਦਯੋਗਿਕ ਪ੍ਰਦੂਸ਼ਣ ਨੂੰ ਘੱਟ ਕਰਨ 'ਚ ਸਫਲਤਾ ਮਿਲੇਗੀ। ਪੰਜਾਬ ਵਿਚ ਇਸ ਵੇਲੇ ਕੁਦਰਤੀ ਗੈਸ 'ਤੇ ਵੈਟ ਦੀ ਦਰ 13 ਫ਼ੀਸਦੀ + 10 ਫ਼ੀਸਦੀ ਸਰਚਾਰਜ ਹੈ ਜੋ 14. 30 ਫ਼ੀਸਦੀ ਬਣਦੀ ਹੈ। ਨੈਸ਼ਨਲ ਫਰਟਿਲਾਈਜ਼ਰ ਲਿਮ. (ਐੱਨਐੱਫਐੱਲ) ਗੈਸ ਦੀ ਵੱਡੀ ਖਪਤ ਕਰਦਾ ਹੈ ਜਿਸ ਦੇ ਬਠਿੰਡਾ ਅਤੇ ਨੰਗਲ ਵਿਖੇ ਸਥਿਤ ਪਲਾਂਟਾਂ ਵਿਚ ਇਸ ਦੀ ਵਰਤੋਂ ਹੁੰਦੀ ਹੈ। ਚੋਣ ਵੇਂ ਉਦਯੋਗਾਂ ਅਤੇ ਟਰਾਂਸਪੋਰਟ ਸੈਕਟਰ ਵੱਲੋਂ ਬਹੁਤ ਥੋੜ੍ਹੀ ਮਾਤਰਾ ਵਿਚ ਕੁਦਰਤੀ ਗੈਸ ਦੀ ਖਪਤ ਕੀਤੀ ਜਾਂਦੀ ਹੈ। ਮਾਰਚ, 2015 ਤੋਂ ਪਹਿਲਾਂ ਕੁਦਰਤੀ ਗੈਸ 'ਤੇ ਵੈਟ ਦੀ ਦਰ 5.5 ਫ਼ੀਸਦੀ + 10 ਫ਼ੀਸਦੀ ਸਰਚਾਰਜ ਸੀ ਜੋ 6.05 ਫ਼ੀਸਦੀ ਬਣਦਾ ਹੈ। ਮਾਰਚ, 2015 ਤੋਂ ਬਾਅਦ ਕੁਦਰਤੀ ਗੈਸ 'ਤੇ ਵੈਟ ਦੀ ਦਰ 6.05 ਫ਼ੀਸਦੀ ਤੋਂ ਵਧ ਕੇ 14.3 ਫ਼ੀਸਦੀ ਹੋ ਗਈ। ਵੈਟ ਦੀ ਦਰ ਵਿਚ ਵਾਧਾ ਹੋਣ ਨਾਲ ਐੱਨਐੱਫਐੱਲ ਨੇ ਕੁਦਰਤੀ ਗੈਸ ਦੀ ਅੰਤਰਰਾਜੀ ਬਿਿਲੰਗ ਸ਼ੁਰੂ ਕਰ ਦਿੱਤੀ ਸੀ ਜਿਸ ਨਾਲ ਕੁਦਰਤੀ ਗੈਸ 'ਤੇ ਵੈਟ ਤੋਂ ਮਾਲੀਆ ਘਟ ਗਿਆ ਸੀ। ਸਾਲ 2014-15 ਤੋਂ ਲੈ ਕੇ 2018-19 ਦੇ ਸਾਲਾਂ ਦੌਰਾਨ ਕੁਦਰਤੀ ਗੈਸ 'ਤੇ ਵੈਟ ਦੀ ਵਸੂਲੀ 105.77 ਕਰੋੜ ਰੁਪਏ ਤੋਂ ਘਟ ਕੇ 5.67 ਕਰੋੜ ਰੁਪਏ ਰਹਿ ਗਈ ਸੀ ਜੋ ਸਾਲ 2019-20 ਦੇ ਵਿੱਤੀ ਵਰ੍ਹੇ ਦੌਰਾਨ ਹੋਰ ਵੀ ਘਟ ਕੇ ਜੂਨ, 2019 ਤਕ 1.84 ਕਰੋੜ ਰੁਪਏ ਰਹਿ ਗਈ।

ਗੁਜਰਾਤ ਤੋਂ ਹਰ ਮਹੀਨੇ 300 ਕਰੋੜ ਦੀ ਕੁਦਰਤੀ ਗੈਸ ਖ਼ਰੀਦ ਰਿਹੈ ਐੱਨਐੱਫਐੱਲ

ਐੱਨਐੱਫਐੱਲ ਵੱਲੋਂ ਗੁਜਰਾਤ ਤੋਂ ਹਰ ਮਹੀਨੇ 300 ਕਰੋੜ ਰੁਪਏ ਦੀ ਕੁਦਰਤੀ ਗੈਸ ਖ਼ਰੀਦੀ ਜਾ ਰਹੀ ਹੈ ਅਤੇ 15 ਫ਼ੀਸਦੀ ਦੀ ਦਰ ਦੇ ਹਿਸਾਬ ਨਾਲ ਕੇਂਦਰੀ ਸੂਬਾਈ ਟੈਕਸ ਦਾ 45 ਕਰੋੜ ਰੁਪਏ ਗੁਜਰਾਤ ਨੂੰ ਅਦਾ ਕੀਤਾ ਜਾ ਰਿਹਾ ਹੈ। ਮੰਤਰੀ ਮੰਡਲ ਵੱਲੋਂ ਮੰਗਲਵਾਰ ਨੂੰ ਲਏ ਗਏ ਫ਼ੈਸਲੇ ਬਾਰੇ ਵਿਸਥਾਰ ਵਿਚ ਦੱਸਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੁਦਰਤੀ ਗੈਸ 'ਤੇ ਵੈਟ ਦੀ ਦਰ ਘਟਣ ਨਾਲ ਕੁਦਰਤੀ ਗੈਸ ਸਪਲਾਈ ਕਰਨ ਵਾਲਾ ਐੱਨਐੱਫਐੱਲ ਨੂੰ ਕੁਦਰਤੀ ਗੈਸ ਦੀ ਬਿਿਲੰਗ ਪੰਜਾਬ ਤੋਂ ਸ਼ੁਰੂ ਕਰ ਸਕਦਾ ਹੈ ਜਿਸ ਨਾਲ ਕੁਦਰਤੀ ਗੈਸ 'ਤੇ ਪੰਜਾਬ ਦੀ ਵੈਟ ਵਸੂਲੀ ਵਧ ਸਕਦੀ ਹੈ।

ਗੱਡੀਆਂ ਨੂੰ ਮਿਲੇਗੀ ਰਾਹਤ

ਓਲਾ ਤੇ ਉਬਰ ਵਰਗੀਆਂ ਕੰਪਨੀਆਂ ਨੇ ਵੀ ਹੁਣ ਵਾਹਨ ਚਾਲਕਾਂ ਨੂੰ ਆਪਣੀਆਂ ਕੰਪਨੀਆਂ ਨਾਲ ਗੱਡੀਆਂ ਜੋੜਨ ਲਈ ਸੀਐੱਨਜੀ ਵਾਲੀਆਂ ਗੱਡੀਆਂ ਦੀ ਸ਼ਰਤ ਲਾ ਦਿੱਤੀ ਹੈ। ਹੁਣ ਪੈਟਰੋਲ ਤੇ ਡੀਜ਼ਲ ਵਾਲੀਆਂ ਗੱਡੀਆਂ ਦੇ ਨਾਲ-ਨਾਲ ਸੀਐੱਨਜੀ ਵਾਲੀਆਂ ਗੱਡੀਆਂ ਦੀ ਜ਼ਿਆਦਾ ਵਿਕ ਰਹੀਆਂ ਹਨ। ਹਾਲਾਂਕਿ ਅਜੇ ਸੀਐੱਨਜੀ ਦੇ ਗੈਸ ਸਟੇਸ਼ਨ ਜ਼ਿਆਦਾ ਨਾ ਹੋਣ ਕਾਰਨ ਲੋਕਾਂ ਨੂੰ ਗੈਰ ਭਰਵਾਉਣ ਵਿਚ ਮੁਸ਼ਕਿਲਾਂ ਆਉਂਦੀਆਂ ਹਨ ਪਰ ਹੌਲੀ-ਹੌਲੀ ਪੰਪਾਂ ਦੀ ਗਿਣਤੀ ਵਧਣ ਤੇ ਵੈਟ ਘੱਟ ਹੋਣ ਨਾਲ ਲੋਕਾਂ ਦਾ ਰੁਝਾਨ ਇਨ੍ਹਾਂ ਗੱਡੀਆਂ ਵੱਲ ਵਧੇਗਾ।