ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਪੰਜਾਬ ਦੇ ਤਕਨੀਕੀ ਸਿੱਖਿਆ, ਬਾਗਬਾਨੀ ਤੇ ਜਲ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਸਮਾਜ ਵਿਚ ਚੁਣੇ ਹੋਏ ਪ੍ਰਤੀਨਿਧੀ ਤੇ ਸਰਕਾਰੀ ਅਧਿਕਾਰੀ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਹਰ ਯੋਗ ਲੋੜਵੰਦ ਤੱਕ ਪੁੱਜਦਾ ਕਰਨਾ ਯਕੀਨੀ ਬਣਾਉਣ। ਅੱਜ ਇੱਥੇ ਸ਼ਹਿਰ ਦੇ ਜਲੌਖਾਨੇ ਵਿਖੇ ਪੰਜਾਬ ਬਿਲਡਿੰਗ ਐਂਡ ਅਦਰ ਵਰਕਰਜ਼ ਕੰਸਟਰਕਸ਼ਨ ਬੋਰਡ ਵਲੋਂ ਉਸਾਰੀ ਕਿਰਤੀਆਂ, ਮਜ਼ਦੂਰਾਂ, ਇਲੈਕਟ੍ਰੀਸ਼ਨਾਂ , ਪਲੰਬਰਾਂ ਆਦਿ ਦੀ ਰਜਿਸਟੇ੍ਸ਼ਨ ਲਈ ਲਾਏ ਕੈਂਪ ਦਾ ਉਦਘਾਟਨ ਕਰਨ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਗਰੀਬ ਤੇ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਭਲਾਈ ਯੋਜਨਾਵਾਂ ਦਾ ਲਾਭ ਦੇਣ ਵੱਲ ਸਭ ਤੋਂ ਵੱਧ ਤਵੱਜੋਂ ਦਿੱਤੀ ਜਾ ਰਹੀ ਹੈ।

ਉਨਾਂ ਕਿਹਾ ਕਿ ਪਹਿਲੀ ਵਾਰ ਬੀਤੇ ਦਿਵਾਲੀ ਦੇ ਤਿਉਹਾਰ ਮੌਕੇ ਪੰਜਾਬ ਸਰਕਾਰ ਵਲੋਂ ਹਰ ਰਜਿਸਟਰਡ ਕਿਰਤੀ ਨੂੰ ਤੋਹਫੇ ਵਜੋਂ 3100 ਰੁਪੈ ਦਿੱਤੇ ਗਏ, ਜਿਸ ਉੱਪਰ ਕੁੱਲ 400 ਕਰੋੜ ਰੁਪੈ ਖਰਚ ਹੋਏ । ਉਨਾਂ੍ਹ ਕਿਹਾ ਕਿ 'ਅੱਜ ਹਰ ਆਮ ਵਿਅਕਤੀ ਨੂੰ ਇਹ ਮਹਿਸੂਸ ਹੋ ਰਿਹਾ ਹੈ, ਪੰਜਾਬ ਸਰਕਾਰ ਉਸਦੀ ਆਪਣੀ ਹੈ, ਜਿਸ ਵਿਚ ਉਸਦੇ ਮਸਲਿਆਂ ਨੂੰ ਸੁਣਿਆ ਤੇ ਹੱਲ ਕੀਤਾ ਜਾ ਰਿਹਾ ਹੈ । ਉਨਾਂ੍ਹ ਸਮੂਹ ਕੌਸਲਰਾਂ ਤੇ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਨਤਾ ਦੇ ਪ੍ਰਤੀਨਿਧੀ ਹਨ, ਜਿਸ ਕਰਕੇ ਲੋਕਾਂ ਤੱਕ ਹਰ ਯੋਜਨਾ ਦਾ ਲਾਭ ਪੁੱਜਦਾ ਕਰਨਾ ਉਨਾਂ੍ਹ ਦਾ ਫਰਜ਼ ਹੈ । ਉਨਾਂ੍ਹ ਇਹ ਵੀ ਐਲਾਨ ਕੀਤਾ ਕਿ ਕਿਰਤੀਆਂ ਦੀ ਰਜਿਸਟੇ੍ਸ਼ਨ ਲਈ ਸਾਰੇ ਜਿਲ੍ਹੇ ਭਰ ਵਿਚ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਸ ਲਈ ਉਨਾਂ੍ਹ ਸਹਾਇਕ ਲੇਬਰ ਕਮਿਸ਼ਨਰ ਨੂੰ ਮੌਕੇ 'ਤੇ ਹੀ ਨਿਰਦੇਸ਼ ਜਾਰੀ ਕੀਤੇ । ਇਸ ਤੋਂ ਇਲਾਵਾ ਉਨਾਂ੍ਹ ਕਪੂਰਥਲਾ ਸ਼ਹਿਰ ਅੰਦਰ ਹੋਰ ਕੈਂਪ ਲਗਾਏ ਜਾਣ ਤੇ ਜਲੌਅਖਾਨੇ ਵਿਖੇ ਕੈਂਪ ਨੂੰ ਸਥਾਈ ਤੌਰ 'ਤੇ ਚਾਲੂ ਰੱਖਿਆ ਜਾਵੇ । ਇਸ ਮੌਕੇ ਉਨਾਂ੍ਹ ਸਮੂਹ ਕੌਂਸਲਰਾਂ ਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋ ਆਪਣੇ ਵਾਰਡ ਵਿਚ ਯੋਗ ਲਾਭਪਾਤਰੀਆਂ ਦੀ ਪਹਿਚਾਣ ਕਰਕੇ ਉਨਾਂ੍ਹ ਦੇ ਕਾਰਡ ਬਣਾਏ ਜਾਣਾ ਯਕੀਨੀ ਬਣਾਉਣ, ਕਿਉਂਕਿ ਇਸ ਯੋਜਨਾ ਤਹਿਤ ਨਾ ਸਿਰਫ ਉਹ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਮੁਫਤ ਇਲਾਜ, ਬੱਚਿਆਂ ਦੀ ਪੜ੍ਹਾਈ ਲਈ 70, 000 ਰੁਪੈ ਤੱਕ ਸਹਾਇਤਾ, ਹਾਦਸੇ ਦੀ ਸੂਰਤ ਵਿਚ ਮੁਆਵਾਜ਼ਾ ਲੈ ਸਕਦੇ ਹਨ । ਇਸ ਤੋਂ ਇਲਾਵਾ ਪੈਨਸ਼ਨ , ਸ਼ਗਨ ਸਕੀਮ ਤਹਿਤ 51000 ਰੁਪੈ ਵੀ ਕਿਰਤੀਆਂ ਨੂੰ ਦੇਣ ਵੀ ਵਿਵਸਥਾ ਕੀਤੀ ਗਈ ਹੈ । ਕੈਬਨਿਟ ਮੰਤਰੀ ਵਲੌਂ ਇਸ ਮੌਕੇ ਕੁਝ ਕਿਰਤੀਆਂ ਨੂੰ ਰਜਿਸਟੇ੍ਸ਼ਨ ਦੇ ਕਾਰਡ ਵੀ ਤਕਸੀਮ ਕੀਤੇ ਗਏ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਨੁਪਮ ਕਲੇਰ ਨੇ ਦੱਸਿਆ ਕਿ ਲੋਕ ਭਲਾਈ ਯੋਜਨਾਵਾਂ ਦਾ ਲਾਭ ਦੇਣ ਵਾਸਤੇ ਵਿਸ਼ੇਸ਼ ਕੈਂਪ ਲਾਉਣ ਬਾਰੇ ਸਮਾਂ ਸਾਰਣੀ ਅਗਲੇ 2 ਦਿਨਾਂ ਵਿਚ ਜਾਰੀ ਕੀਤੀ ਜਾਵੇਗੀ । ਸਹਾਇਕ ਕਿਰਤ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਜਲੌਅਖਾਨਾ ਵਿਖੇ ਲਗਾਏ ਗਏ ਕੈਂਪ ਦੌਰਾਨ ਪਹਿਲੇ ਦਿਨ ਹੀ 200 ਤੋਂ ਜਿਆਦਾ ਉਸਾਰੀ ਕਿਰਤੀਆਂ ਦੇ ਫਾਰਮ ਭਰਕੇ ਆਨਲਾਇਨ ਕੀਤੇ ਗਏ ਹਨ।

ਇਸ ਮੌਕੇ ਸਾਬਕਾ ਵਿਧਾਇਕ ਬੰਗਾ ਸ਼੍ਰੀ ਤਰਲੋਚਨ ਸੂੰਢ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਡਿਪਟੀ ਮੇਅਰ ਮਾਸਟਰ ਵਿਨੋਦ ਸੂਦ, ਦੀਪਕ ਸਲਵਾਨ, ਦੇਸ਼ਬੰਧੂ, ਮਨੀਸ਼ ਕੁਮਾਰ, ਹਰਸਿਮਰਨਜੀਤ ਸਿੰਘ (ਸਾਰੇ ਕੌਸਲਰ) ਵੀ ਹਾਜ਼ਰ ਸਨ।