ਕੈਪਸ਼ਨ-9ਕੇਪੀਟੀ32ਪੀ ਅਤੇ 33ਪੀ, ਮੀਂਹ ਨਾਲ ਭਰੀਆਂ ਗਲੀਆਂ ਦਿਖਾਉਂਦੇ ਹੋਏ ਮੁਹੱਲਾ ਵਾਸੀ।

ਰਘਬਿੰਦਰ ਸਿੰਘ, ਨਡਾਲਾ

ਨਡਾਲਾ 'ਚ ਸਾਉਣ ਮਹੀਨੇ ਦੇ ਦੂਸਰੇ ਭਾਰੀ ਮੀਂਹ ਨੇ ਪੂਰੀਆਂ ਰੀਝਾਂ ਲਾਹੀਆਂ। ਇਸ ਮੀਂਹ ਨੇ ਲੰਘੇ 5 ਸਾਲ 'ਚ ਹੋਏ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਮੇਨ ਨਿਕਾਸੀ ਨਾਲੇ ਦੀ ਸਫਾਈ ਨਾ ਹੋਣ ਤੇ ਲੋਕਾਂ ਦੇ ਨਾਜਾਇਜ਼ ਕਬਜ਼ਿਆਂ ਕਾਰਨ ਪੰਡਿਤਾਂ ਦੇ ਮੁਹੱਲੇ 'ਚ ਗਲੀਆਂ ਨਹਿਰਾਂ ਬਣ ਗਈਆਂ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ ਅੰਦਰ ਦਾਖ਼ਲ ਹੋ ਗਿਆ। ਸਵੇਰੇ ਕਰੀਬ 10 ਵਜੇ ਆਏ ਇਸ ਤੂਫਾਨੀ ਮੀਂਹ ਦਾ ਕਹਿਰ ਇੰਨਾ ਜ਼ਬਰਦਸਤ ਸੀ ਕਿ ਵੇਖਦੇ ਹੀ ਵੇਖਦੇ ਚਾਰੇ ਪਾਸੇ ਜਲਥਲ ਹੋ ਗਈ। ਕਸਬੇ ਦੀਆਂ ਗਲੀਆਂ-ਸੜਕਾਂ ਤੇ ਫਿਰਨੀਆਂ ਪਾਣੀ ਨਾਲ ਭਰ ਗਈਆਂ। ਗੁਰਦੁਆਰਾ ਛੇਵੀਂ ਪਾਤਸ਼ਾਹੀ ਨੇੜੇ ਮੇਨ ਗਲੀ ਨੂੰ ਗਲਤ ਢੰਗ ਨਾਲ ਉੱਚਾ ਕਰ ਦਿੱਤੇ ਜਾਣ ਕਾਰਨ ਬਾਬਾ ਲੱਖਾਂ ਦਾ ਦਾਤਾ ਚੌਕ ਤਕ ਪਾਣੀ ਦੇ ਛੱਪੜ ਲੱਗ ਗਏ। ਲਿਫਾਫਿਆਂ ਨਾਲ ਭਰਿਆ ਗੰਦਾ ਪਾਣੀ ਲੋਕਾਂ ਦੇ ਘਰਾਂ ਤੇ ਇਕ ਸਕੂਲ ਅੰਦਰ ਦਾਖ਼ਲ ਹੋ ਗਿਆ। ਇਸ ਸਬੰਧੀ ਸ਼ਿਵ ਕੁਮਾਰ, ਕੇਸਰ ਦਾਸ ਦੇਵਗਨ, ਹਰਪ੍ਰਰੀਤ ਪ੍ਰਰਾਸ਼ਰ, ਹਰਬੰਸ ਲਾਲ, ਰੋਹਿਤ ਸ਼ਰਮਾ, ਪਰਮੋਦ ਦੇਵਗਨ, ਉਮੇਸ਼ ਪੰਡਿਤ, ਧਰਮਪਾਲ, ਸੰਨੀ ਪੰਡਿਤ, ਹਰਭਜਨ ਲਾਲ ਦਵਿੰਦਰ ਪਾਲ, ਰਾਹੁਲ ਕੁਮਾਰ, ਨੀਲਮ ਦੱਤ ਨੇ ਦੱਸਿਆ ਕਿ ਬਰਸਾਤੀ ਮੌਸਮ ਤੋਂ ਪਹਿਲਾ ਦੇ ਨਗਰ ਪੰਚਾਇਤ ਨੇ ਨਾਲੀਆਂ ਅਤੇ ਮੇਨ ਨਿਕਾਸੀ ਨਾਲੇ ਦੀ ਸਫਾਈ ਨਹੀਂ ਕਰਵਾਈ। ਕਿਸੇ ਨੇ ਕੋਈ ਅਸਰ ਨਹੀਂ ਕੀਤਾ। ਨਗਰ ਪੰਚਾਇਤ 'ਚ ਈਓ ਦੀ ਡਿਊਟੀ ਆਰਜੀ ਹੋਣ ਕਰਕੇ ਦਫਤਰ 'ਚ ਕੰਮ ਕਰਦੇ ਮੁਲਾਜਮ ਕਿਸੇ ਦੀ ਗੱਲ ਨਹੀਂ ਸੁਣਦੇ। ਸਫਾਈ ਕਰਮਚਾਰੀਆਂ ਦੇ ਦੋ ਧੜੇ ਬਣੇ ਹੋਏ ਹਨ। ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਨਾਲੀਆਂ ਮਲਬੇ ਨਾਲ ਭਰੀਆਂ ਹੋਈਆਂ ਹਨ। ਇਹ ਮਾਮਲਾ ਈਓ ਨਡਾਲਾ ਦੇ ਵਾਰ-ਵਾਰ ਧਿਆਨ 'ਚ ਲਿਆਂਦੇ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ ਲੋਕਾਂ ਦਾ ਕਹਿਣਾ ਹੈ ਕਿ ਉਹ ਨਗਰ ਪੰਚਾਇਤ ਨੂੰ ਬਣਦਾ ਪ੍ਰਰਾਪਰਟੀ ਟੈਕਸ ਦੇ ਰਹੇ ਹਨ। ਫਿਰ ਉਨ੍ਹਾਂ ਦੀ ਸੁਣਵਾਈ ਕਿਉ ਨਹੀਂ ਹੋ ਰਹੀ, ਸਮੇਂ-ਸਮੇਂ ਰੁਟੀਨ ਵਿਚ ਸਫਾਈ ਕਿਉ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਨਡਾਲਾ ਕਸਬੇ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕੀਤਾ ਜਾਵੇ ਨਿਕਾਸੀ ਨਾਲੇ ਨੂੰ ਪੱਕਾ ਕੀਤਾ ਜਾਵੇ, ਨਹੀਂ ਤਾਂ ਲੋਕ ਸੰਘਰਸ਼ ਲਈ ਮਜਬੂਰ ਹੋਣਗੇ।