ਰਘਬਿੰਦਰ ਸਿੰਘ, ਨਡਾਲਾ

'ਵਿਹੜੇ ਆਈ ਜੰਝ ਤੇ ਵਿੰਨੋ ਕੁੜੀ ਦੇ ਕੰਨ' ਦੀ ਕਹਾਵਤ ਅਨੁਸਾਰ ਅੱਤ ਦੀ ਗਰਮੀ 'ਚ ਪਿੰਡ ਇਬਰਾਹੀਮਵਾਲ 'ਚ ਬਿਜਲੀ ਦੀਆਂ ਤਾਰਾਂ, ਕੇਬਲਾਂ ਤੇ ਟਰਾਂਫਾਰਮਰ ਬਦਲਣ ਦਾ ਕੰਮ ਚਲ ਰਿਹਾ ਹੈ,ਜਦਕਿ ਸਬੰਧਤ ਠੇਕੇਦਾਰ ਵੱਲੋਂ ਇਹ ਕੰਮ ਸਰਦੀ ਮੌਕੇ ਕੀਤਾ ਜਾਣਾ ਸੀ। ਹੁਣ ਦੁਖਦਾਈ ਗੱਲ ਇਹ ਹੈ ਕਿ ਸਬੰਧਤ ਠੇਕੇਦਾਰ ਵੱਲੋਂ ਕੰਮ ਕਰਨ ਲਈ ਜਦੋਂ ਚਾਹੇ ਪਰਮਿਟ ਲੈ ਲਿਆ ਜਾਂਦਾ ਹੈ। ਬਿਨਾਂ ਸੂਚਿਤ ਕੀਤੇ ਲਾਏ ਜਾ ਰਹੇ ਕੱਟ ਕਾਰਨ 16 ਪਿੰਡਾਂ ਦੇ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ। ਬੱਚੇ, ਬਜੁਰਗ ਤੇ ਬਿਮਾਰ ਮੁਸ਼ਕਲ ਦੀ ਜ਼ਿੰਦਗੀ ਜੀਅ ਰਹੇ ਹਨ। ਇਸ ਸਬੰਧੀ ਇਬਰਾਹੀਮਵਾਲ ਵਾਸੀ ਬਿੱਲਾ ਬਾਜਵਾ, ਜੋਗਾ ਸਿੰਘ, ਪੰਚ ਜਸਵੰਤ ਸਿੰਘ, ਪੰਚ ਸੰਦੀਪ ਸਿੰਘ, ਯਸ਼ਪਾਲ ਬੈਰਾਗੀ ਨੇ ਦੱਸਿਆ ਕਿ ਅੱਜ ਸਬੰਧਤ ਠੇਕੇਦਾਰ ਵਲੋਂ ਦੁਪਹਿਰ 12 ਵਜੇ ਤੋਂ ਪ੍ਰਮਿਟ ਲਿਆ ਹੋਇਆ ਹੈ।ਸ਼ਾਮ 6 ਵਜੇ ਤੱਕ ਵੀ ਲਾਈਟ ਨਹੀ ਆਈ ਜਿਸ ਕਾਰਨ ਅੱਤ ਦੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ ਘਰਾਂ ਵਿਚ ਪੀਣ ਵਾਲਾ ਪਾਣੀ ਵੀ ਖਤਮ ਹੋ ਜਾਂਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰ ਗਈ ਤਾਂ ਇਸ ਲਈ ਸਬੰਧਤ ਅਧਿਕਾਰੀ ਸ਼ਾਮਲ ਹੋਣਗੇ। ਉਨ੍ਹਾਂ ਮੰਗ ਕੀਤੀ ਸਰਦੀ ਤਕ ਬਿਜਲੀ ਮੁਰੰਮਤ ਦਾ ਕੰਮ ਤੁਰੰਤ ਬੰਦ ਕੀਤਾ ਜਾਵੇ ਇਸ ਸਬੰਧੀ ਐੱਸਡੀਓ ਨਡਾਲਾ ਨੇ ਆਪਣੀ ਆਦਤ ਅਨੁਸਾਰ ਅੱਜ ਵੀ ਫੋਨ ਨਹੀਂ ਚੁੱਕਿਆ।