ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤੇ ਦੇਸ਼ ਦੇ ਅੰਨਦਾਤਾ ਦੀ ਸਰਕਾਰੀ ਦਰਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ। ਇਹ ਸ਼ਬਦ ਪਿੰਡ ਅੰਮਿ੍ਤਪੁਰ ਵਿਖੇ ਨਰਿੰਦਰ ਮੋਦੀ ਦਾ ਪੁਤਲਾ ਸਾੜਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਮੁਖਤਿਆਰ ਸਿੰਘ ਅਤੇ ਡਾ. ਬਲਵਿੰਦਰ ਸਿੰਘ ਨੇ ਕਹੇ।

ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਸਮੂਹ ਨਗਰ ਵਾਸੀਆਂ ਨੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਮੁੱਚੀ ਜਨਤਾ ਦਾ ਿਢੱਡ ਭਰਨ ਵਾਲਾ ਅੰਨਦਾਤਾ ਅੱਜ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਤੇ ਇਸ ਦੀ ਸਾਰ ਲੈਣ ਦੀ ਬਜਾਏ ਇਸ ਦੇ ਉਜਾੜੇ ਲਈ ਹੋਰ ਨਵੇਂ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 25 ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਅਤੇ ਖੇਤੀ ਦੇ ਉਜਾੜੇ ਸਬੰਧੀ ਬਣਾਏ ਗਏ ਕਾਨੂੰਨਾਂ ਨੂੰ ਵਾਪਸ ਲੈਣ ਲਈ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਮੋਦੀ ਸਰਕਾਰ ਦੇ ਕੰਨ 'ਤੇ ਜੂੰ ਤਕ ਨਹੀਂ ਸਿਰਕਦੀ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਕਿਸਾਨਾਂ ਵੱਲੋਂ ਚੁਣੀਂਦੀਆਂ ਥਾਵਾਂ 'ਤੇ ਹੀ ਧਰਨੇ ਲਾਏ ਜਾਂਦੇ ਸਨ ਅਤੇ ਪੁਤਲੇ ਸਾੜੇ ਜਾਂਦੇ ਸਨ ਪਰ ਹੁਣ ਕਿਸਾਨ ਇੰਨਾਂ ਕੁ ਦੁਖੀ ਹੋ ਗਿਆ ਹੈ ਕਿ ਹੁਣ ਪਿੰਡ ਪੱਧਰ 'ਤੇ ਧਰਨੇ ਅਤੇ ਸੰਘਰਸ਼ ਕਰਨ ਲਈ ਮਜਬੂਰ ਹੋ ਗਿਆ ਹੈ। ਇਸ ਮੌਕੇ ਡਾ. ਬਲਵਿੰਦਰ ਸਿੰਘ, ਮੁਖਤਿਆਰ ਸਿੰਘ ਸਰਪੰਚ, ਕਰਮਾ, ਜਸਵੰਤ ਸਿੰਘ, ਗੁਰਚਰਨ ਸਿੰਘ ਪੰਚ, ਸਤਪਾਲ ਸਿੰਘ ਪੰਚ, ਤਰਲੋਚਨ ਸਿੰਘ, ਪਰਮਜੀਤ ਸਿੰਘ, ਚਿਮਨ ਸਿੰਘ ਅਮਰਜੀਤ ਸਿੰਘ ਆਦਿ ਸਮੇਤ ਨਗਰ ਵਾਸੀ ਹਾਜ਼ਰ ਸਨ।