ਵਿਜੇ ਸੋਨੀ, ਫਗਵਾੜਾ : ਲੋਕ ਇਨਸਾਫ ਪਾਰਟੀ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਜਰਨੈਲ ਨੰਗਲ ਅਤੇ ਸਰਬਜੀਤ ਸਿੰਘ ਲੁਬਾਣਾ, ਹਰਦੀਪ ਸਿੰਘ ਨਾਰੰਗਪੁਰ, ਅਵਤਾਰ ਸਿੰਘ ਗੰਢਵਾਂ ਵਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਨੂੰ ਪੂਰਨ ਤੌਰ 'ਤੇ ਲਾਗੂ ਕਰਵਾਉਣ ਅਤੇ ਲਵਲੀ ਯੂਨੀਵਰਸਿਟੀ ਵਿਚ ਬਿਨਾਂ ਫ਼ੀਸ ਤੋਂ ਦਾਖਲੇ ਕਰਵਾਉਣ ਲਈ ਮਰਨ ਵਰਤ ਹਰਗੋਬਿੰਦ ਨਗਰ ਸਾਹਮਣੇ ਏਡੀਸੀ ਦਫਤਰ ਵਿਖੇ ਦੂਜੇ ਦਿਨ ਵੀ ਜਾਰੀ ਰਿਹਾ। ਦੂਜੇ ਦਿਨ ਧਰਨੇ ਵਿਚ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ, ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸਾਧੂ ਸੰਪਰਦਾਇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸੁਸਾਇਟੀ (ਰਜਿ.) ਪੰਜਾਬ, ਸੀਟੂ ਬਾਈ, ਰਜਿੰਦਰ ਘੇੜਾ ਆਦਿ ਨੇ ਧਰਨੇ ਵਿਚ ਸ਼ਿਰਕਤ ਕੀਤੀ। ਇਸ ਮੌਕੇ ਆਗੂਆਂ ਦੀ ਅਗਵਾਈ ਵਿਚ ਡੀਸੀ ਕਪੂਰਥਲਾ ਦਾ ਪੁਤਲਾ ਫੂਕਿਆ ਗਿਆ। ਧਰਨੇ ਵਿਚ ਸ਼ਾਮਿਲ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੰਤ ਕੁਲਵੰਤ ਰਾਮ ਨੇ ਕਿਹਾ ਕਿ ਸਾਡੇ ਵਲੋਂ ਜਰਨੈਲ ਨੰਗਲ ਨੂੰ ਪੂਰਾ ਸਮੱਰਥਨ ਹੈ। ਉਹ ਸਾਡੇ ਸਮਾਜ ਦੀ ਜਵਾਨੀ ਦੇ ਭਵਿੱਖ ਲਈ ਮਰਨ ਵਰਤ 'ਤੇ ਬੈਠਾ ਹੈ। ਸਾਰੀ ਕੌਮ ਨੰਗਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਸੀਟੂ ਬਾਈ ਨੇ ਕਿਹਾ ਕਿ ਪੋਸਟਮੈਟਿ੍ਕ ਸਕਾਲਰਸ਼ਿਪ ਸਾਡਾ ਅਧਿਕਾਰ ਹੈ ਜੋ ਕੇਂਦਰ ਸਰਕਾਰ ਵਲੋਂ ਸਾਨੂੰ ਦਿੱਤਾ ਜਾ ਰਿਹਾ ਹੈ ਉਸ ਨੂੰ ਕੋਈ ਯੂਨੀਵਰਸਿਟੀ ਜਾਂ ਸੰਸਥਾ ਬੰਦ ਕਰਨਾ ਚਾਹੇਗੀ ਤਾਂ ਪੂਰਾ ਸਮਾਜ ਇਸ ਦੇ ਵਿਰੋਧ ਵਿਚ ਉਤਰ ਕੇ ਸਾਹਮਣੇ ਆ ਜਾਵੇਗਾ। ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਸਿਮਰਨਜੀਤ ਸਿੰਘ ਬੈਂਸ ਧਰਨੇ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਜਰਨੈਲ ਨੰਗਲ ਵਲੋਂ ਐੱਸਸੀ ਬੱਚਿਆਂ ਦੇ ਪੱਖ ਵਿਚ ਭੱਖ ਹੜਤਾਲ ਕਰਨ ਨੂੰ ਬਿਲਕੁਲ ਜਾਇਜ਼ ਕਿਹਾ। ਉਨ੍ਹਾਂ ਕਿਹਾ ਕਿ ਨੰਗਲ ਹਮੇਸ਼ਾ ਗਰੀਬ ਬੇਸਹਾਰਿਆਂ ਦਾ ਸਹਾਰਾ ਬਣਦਾ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਕਰਦਾ ਰਹੇਗਾ। ਉਨ੍ਹਾਂ ਕਿਹਾ ਪੋਸਟਮੈਟਿ੍ਕ ਸਕਾਲਰਸ਼ਿਪ ਐਸਸੀ ਵਿਦਿਆਰਥੀਆਂ ਦਾ ਹੱਕ ਹੈ ਜਿਸ ਨੂੰ ਉਨ੍ਹਾਂ ਤੋਂ ਖੋਹਿਆ ਨਹੀਂ ਜਾ ਸਕਦਾ। ਇਸ ਮੌਕੇ ਭਾਈ ਸਰਬਜੀਤ ਸਿੰਘ ਲੁਬਾਣਾ, ਬਲਬੀਰ ਠਾਕੁਰ, ਸ਼ਸ਼ੀ ਬੰਗੜ ਚੱਕ ਹਕੀਮ, ਬਲਰਾਜ ਬਾਓ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਵਰਕਰ ਹਾਜ਼ਰ ਸਨ।