ਅਜੈ ਕਨੌਜੀਆ, ਕਪੂਰਥਲਾ : ਪੀਡਬਲਯੂਡੀ ਖੇਤੀਬਾੜੀ ਵਿਭਾਗ, ਮਨਿਸਟਰੀਅਲ ਸਟਾਫ਼ ਤੇ ਰੁਜ਼ਗਾਰ ਵਿਭਾਗ ਦੇ ਕਰਮਚਾਰੀਆਂ ਨੂੰ ਦੋ ਮਹੀਨੇ ਤੋਂ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਕਰਮਚਾਰੀਆਂ ਨੇ ਦੂਸਰੇ ਦਿਨ ਜ਼ਿਲ੍ਹਾ ਖਜ਼ਾਨਾ ਦਫਤਰ ਸਾਹਮਣੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਤਨਖਾਹਾਂ ਜਾਰੀ ਨਹੀਂ ਕਰੇਗੀ, ਉਦੋਂ ਤੱਕ ਰੋਜ਼ਾਨਾ ਜ਼ਿਲ੍ਹਾ ਖਜ਼ਾਨਾ ਦਫ਼ਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ। ਤਨਖਾਹ ਨਾ ਮਿਲਣ ਦੇ ਕਾਰਨ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਥੇ ਹੀ ਉਨ੍ਹਾਂ ਨੇ ਆਪਣੇ ਘਰ ਖਰਚ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਮਨਿਸਟਰੀਅਲ ਸਟਾਫ ਦੇ ਸਤਬੀਰ ਸਿੰਘ ਅਤੇ ਜਸਵਿੰਦਰਪਾਲ ਉਗੀ ਨੇ ਕਿਹਾ ਕਿ ਸਰਕਾਰ ਵਲੋਂ ਪਿਛਲੇ ਦੋ ਮਹੀਨੇ ਤੋਂ ਪੀਡਬਲਯੂਡੀ, ਖੇਤੀਬਾੜੀ ਵਿਭਾਗ, ਮਨਿਸਟਰੀਅਲ ਸਟਾਫ ਤੇ ਰੁਜ਼ਗਾਰ ਵਿਭਾਗ ਦੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਦਿੱਤੀ ਗਈ ਹੈ। ਜਦਕਿ ਕਰਮਚਾਰੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰ ਰਹੇ ਹਨ। ਫਿਰ ਬਿਨਾਂ ਵਜਾ ਕਰਮਚਾਰੀਆਂ ਦੀ ਤਨਖਾਹ 'ਤੇ ਰੋਕ ਲਗਾਉਣਾ ਸ਼ਰੇਆਮ ਧੱਕੇਸ਼ਾਹੀ ਹੈ। ਜਿਸ ਨੂੰ ਮੁਲਾਜ਼ਮ ਵਰਗ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਤਨਖਾਹ ਨਾ ਮਿਲਣ ਦੇ ਚੱਲਦੇ ਮੁਲਾਜ਼ਮਾਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਤੁਰੰਤ ਕਰਮਚਾਰੀਆਂ ਨੂੰ ਤਨਖਾਹ ਨਹੀਂ ਦਿੱਤੀ ਤਾਂ ਉਹ ਸੜਕਾਂ 'ਤੇ ਉਤਰ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ। ਇਸ ਮੌਕੇ ਸਤਬੀਰ ਸਿੰਘ, ਰੋਹਿਤ ਭਾਟੀਆ, ਗੁਰਪ੍ਰਰੀਤ ਸਿੰਘ, ਗੁਰਸੇਵਕ ਸਿੰਘ, ਰਜਿੰਦਰ ਸਿੰਘ, ਜਤਿੰਦਰ, ਰਾਜੇਸ਼, ਹਰਸ਼ਰਨ ਸਿੰਘ, ਨਿਸ਼ਾਨ ਸਿੰਘ, ਹਰਮਿੰਦਰ ਕੁਮਾਰ, ਨਵਦੀਪ ਸਿੰਘ, ਗੁਰਦੇਵ ਸਿੰਘ, ਸਰਵਨਜੀਤ ਸਿੰਘ, ਪਰਵਿੰਦਰ ਸਿੰਘ, ਸੰਨੀ ਕਲਿਆਣ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।