ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਵਿਰੁੱਧ ਯੂਟੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਕਪੂਰਥਲਾ ਡੀਸੀ ਦਫ਼ਤਰ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ, ਜਿਸ ਦੀ ਅਗਵਾਈ ਜ਼ਿਲ੍ਹਾ ਕਨਵੀਨਰ ਪਿ੍ਰੰਸੀਪਲ ਕੇਵਲ ਸਿੰਘ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਕਨਵੀਨਰ ਜਸਵਿੰਦਰ ਪਾਲ ਉੱਗੀ ਪ੍ਰਧਾਨ ਕਲਾਸ ਫੋਰ ਯੂਨੀਅਨ, ਕਨਵੀਨਰ ਸੰਗਤ ਰਾਮ ਜਨਰਲ ਸਕੱਤਰ ਪੀਐੱਸਐੱਮਐੱਸਯੂ ਤੇ ਕਨਵੀਨਰ ਸ਼ਵਿੰਦਰ ਸਿੰਘ ਬੁਟਾਰੀ ਪਾਵਰਕਾਮ ਨੇ ਕੀਤੀ। ਰੈਲੀ ਵਿਚ ਬੋਲਦਿਆਂ ਉਕਤ ਆਗੂਆਂ ਨੇ ਪੰਜਾਬ ਸਰਕਾਰ ਵਿਸ਼ੇਸ਼ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਮਨਪ੍ਰਰੀਤ ਸਿੰਘ ਬਾਦਲ ਵਿੱਤ ਮੰਤਰੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਨੇ ਸਰਕਾਰ ਵੱਲੋਂ ਪੇ-ਕਮਿਸ਼ਨ ਦੀ ਮਿਆਦ ਬਾਰ-ਬਾਰ ਵਧਾਉਂਣ, ਡੀਏ ਦੀਆਂ ਕਿਸ਼ਤਾਂ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਦੇ ਨਾਲ ਹੀ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰ ਦੇ ਗ੍ਰੇਡ ਦੇਣ ਲਈ ਨੋਟੀਫਿਕੇਸ਼ਨ ਦੀ ਵੀ ਨਿਖੇਧੀ ਕੀਤੀ। ਪਿ੍ਰੰਸੀਪਲ ਕੇਵਲ ਸਿੰਘ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ 15 ਅਗਸਤ ਨੂੰ ਆਪਣੇ ਘਰਾਂ ਤੇ ਕਾਲੇ ਝੰਡੇ ਲਾ ਰੋਸ ਪ੍ਰਗਟ ਕਰਨ। ਇਸ ਤੋਂ ਪਹਿਲਾਂ ਸੰਘਰਸ਼ ਕਮੇਟੀ ਦੀਆਂ ਸਬ ਡਵੀਜ਼ਨਲ ਇਕਾਈਆਂ ਆਪੋ ਆਪਣੇ ਹਲਕੇ ਵਿਧਾਇਕ ਸਾਹਿਬਾਨ ਨੂੰ 10 ਅਗਸਤ ਤੋਂ 14 ਅਗਸਤ ਤੱਕ ਕਾਲੇ ਚੋਲੇ ਪਾ ਕੇ ਤੇ ਕਾਲੇ ਝੰਡੇ ਲੈ ਕੇ ਮੰਗ ਪੱਤਰ ਦੇਣਗੀਆਂ। ਅਰਥੀ ਫੂਕ ਮੁਜ਼ਾਹਰੇ ਵਿਚ ਪੈਨਸ਼ਨਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਦੀਪ ਸਿੰਘ, ਸੀਨੀਅਰ ਵਾਈਸ ਪ੍ਰਧਾਨ ਸੁੱਚਾ ਸਿੰਘ ਤੇ ਸੁਖਵਿੰਦਰ ਸਿੰਘ ਚੀਮਾ ਅਤੇ ਮੁਹੰਮਦ ਯੂਨਿਸ ਅਨਸਾਰੀ ਪ੍ਰਧਾਨ ਬਿਜਲੀ ਬੋਰਡ ਪੈਨਸ਼ਨਰ ਆਦਿ ਹਾਜ਼ਰ ਸਨ।