ਅਸ਼ੋਕ ਗੋਗਨਾ, ਕਪੂਰਥਲਾ

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਕਿਸਾਨ ਲੰਬੇ ਸਮੇਂ ਤੋਂ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਹਨ। ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਅੰਬੇਡਕਰ ਸੰਘਰਸ਼ ਪਾਰਟੀ ਪੰਜਾਬ ਤੇ ਗੁਰੂ ਨਾਨਕ ਆਟੋ ਰਿਕਸ਼ਾ ਯੂਨੀਅਨ ਕਪੂਰਥਲਾ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਕਾਲੇ ਕਾਨੂੰਨ ਰਦ ਕਰਨ ਦੀ ਮੰਗ ਕੀਤੀ ਗਈ।

ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਅੰਬੇਡਕਰ ਸੰਘਰਸ਼ ਪਾਰਟੀ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਅੌਜਲਾ ਨੇ ਕਿਹਾ ਕਿ ਕਿਸਾਨਾਂ ਨੂੰ ਤਕਰੀਬ 3 ਮਹੀਨੇ ਤੋਂ ਜ਼ਿਆਦਾ ਸਮੇਂ ਦਿੱਲੀ 'ਚ ਸੰਘਰਸ਼ ਕਰਦੇ ਹੋ ਗਿਆ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮਨਾਉਣ ਲਈ ਤਿਆਰ ਨਹੀਂ ਹੈ। ਇਸੇ ਕਾਰਨ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਅੰਬੇਡਕਰ ਸੰਘਰਸ਼ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ। ਗੁਰੂ ਨਾਨਕ ਆਟੋ ਰਿਕਸ਼ਾ ਯੂਨੀਅਨ ਬੱਸ ਸਟੈਂਡ ਵੱਲੋਂ ਪ੍ਰਧਾਨ ਜੋਗਿੰਦਰ ਸਿੰਘ ਤੇ ਉਪ ਪ੍ਰਧਾਨ ਨਰਿੰਦਰ ਸਿੰਘ ਨੇ ਕਿਹਾ ਕਿ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਿਮਾਇਤ ਕਰਦੇ ਹਨ ਤੇ ਜਦੋਂ ਤਕ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲਈ ਜਾਂਦੇ, ਉਦੋਂ ਤਕ ਗੁਰੂ ਨਾਨਕ ਆਟੋ ਰਿਕਸ਼ਾ ਯੂਨੀਅਨ ਕਿਸਾਨ ਅੰਦੋਲਨ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹਿਣਗੇ। ਇਸ ਮੌਕੇ ਪ੍ਰਧਾਨ ਜੋਗਿੰਦਰ ਸਿੰਘ, ਉਪ ਪ੍ਰਧਾਨ ਨਰਿੰਦਰ ਸਿੰਘ, ਕੈਸ਼ੀਅਰ ਬਲਵਿੰਦਰ ਕਾਕੂ, ਰੇਸ਼ਮ ਲਾਲ, ਪ੍ਰਵੀਨ ਕੁਮਾਰ, ਤਰਸੇਮ ਸਿੰਘ, ਸਰੂਪ ਲਾਲ, ਨਿਸ਼ਾਨ ਸਿੰਘ, ਗੁਰਦੇਵ ਖੈੜਾ, ਸੋਨੂੰ, ਬਿੱਲਾ, ਸੋਢੀ ਆਦਿ ਹਾਜ਼ਰ ਸਨ।