ਜੇਐੱਨਐੱਨ, ਫਗਵਾੜਾ : ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨੇ ਅਜਿਹਾ ਜ਼ਹਿਰ ਘੋਲਿਆ ਕਿ ਹੁਣ ਤਕ 110 ਤੋਂ ਵੱਧ ਪਰਿਵਾਰ ਉਜੜ ਚੁੱਕੇ ਹਨ। ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ 'ਚ ਵੱਧ ਰਹੇ ਨਸ਼ੇ ਦੇ ਰੁਝਾਨ ਦੀ ਰੋਕਥਾਮ ਲਈ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਮਹਿਲਾ ਮੋਰਚਾ ਦੀ ਪ੍ਰਦੇਸ਼ ਪ੍ਰਧਾਨ ਮੋਨਾ ਜਾਇਸਵਾਲ ਦੇ ਨਿਰਦੇਸ਼ਾਂ 'ਤੇ ਭਾਜਪਾ ਮਹਿਲਾ ਮੋਰਚਾ ਨੇ ਪੰਜਾਬ ਦੀ ਕੈਪਟਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਕਪੂਰਥਲਾ ਦੀ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜਸਵਿੰਦਰ ਕੌਰ ਨੇ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਆਪਣੀ ਟੀਮ ਦੇ ਮੈਂਬਰਾਂ ਨਾਲ ਫਗਵਾੜਾ ਦੇ ਗੋਲ ਚੌਕ 'ਚ ਕਾਂਗਰਸ ਪਾਰਟੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮਹਿਲਾ ਮੈਂਬਰਾਂ ਨੇ ਹੱਥ 'ਚ ਰੋਸ ਲਿਖੀਆਂ ਲਾਈਨਾਂ ਲੈ ਕੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਜਸਵਿੰਦਰ ਕੌਰ ਨੇ ਕਿਹਾ ਕਿ ਇਹ ਬਹੁਤ ਵੱਡੀ ਤ੍ਰਾਸਦੀ ਹੈ। ਪੰਜਾਬ 'ਚ ਅਜਿਹਾ ਕਦੇ ਨਹੀਂ ਹੋਇਆ। ਇਹ ਸਰਕਾਰ ਤੇ ਪੁਲਿਸ ਦੀ ਜਾਣਕਾਰੀ ਦੇ ਬਿਨਾਂ ਨਹੀਂ ਹੋ ਸਕਦਾ ਹੈ ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਕਰਦੇ ਹੋਏ ਕਿਹਾ ਕਿ ਕਰਫਿਊ ਵਿਚਾਲੇ ਸ਼ਰਾਬ ਦਾ ਕੱਚਾ ਮਾਲ ਕਿਵੇਂ ਆਇਆ ਹੈ, ਇਹ ਇਕ ਸੋਚਣ ਵਾਲੀ ਗੱਲ ਹੈ। ਜਸਵਿੰਦਰ ਨੇ ਕਿਹਾ ਕਿ ਲਾਕਡਾਊਨ ਦੌਰਾਨ ਪੰਜਾਬ 'ਚ ਸ਼ਰਾਬ ਦੀ ਬੇਤਹਾਸ਼ਾ ਵਿਕਰੀ ਹੁੰਦੀ ਰਹੀ ਤੇ ਕਾਂਗਰਸੀ ਆਗੂਆਂ ਨੇ ਮਾਫੀਆ ਨਾਲ ਮਿਲ ਕੇ ਕਰੋੜਾਂ ਰੁਪਏ ਤਾਂ ਕਮਾਏ ਪਰ ਨਸ਼ੇ ਦੀ ਦਲਦਲ ਨਾਲ ਬਰਬਾਦ ਹੋ ਰਹੇ ਪਰਿਵਾਰਾਂ ਦੀ ਸੁੱਧ ਨਹੀਂ ਲਈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੈਪਟਨ ਸਰਕਾਰ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਿਹਾ ਸੀ ਕਿ ਪੰਜਾਬ 'ਚ ਨਸ਼ੇ ਦਾ ਖਾਤਮਾ ਕਰਾਂਗੇ। ਪਰ ਪੰਜਾਬ 'ਚ ਦਿਨੋਂ-ਦਿਨ ਨਸ਼ਾ ਵੱਧ ਰਿਹਾ ਹੈ। ਜਸਵਿੰਦਰ ਨੇ ਕਿਹਾ ਕਿ ਕੈਪਟਨ ਨੇ ਪੰਜਾਬ ਦੀ ਜਨਤਾ ਨੂੰ ਝੂਠੇ ਵਾਅਦੇ ਕਰ ਕੇ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਦਾ ਝੂਠਾ ਮੁਖੌਟਾ ਜਨਤਾ ਦੇ ਸਾਹਮਣੇ ਆ ਚੁੱਕਿਆ ਹੈ, ਜਿਸ ਦਾ ਜਵਾਬ ਜਨਤਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਦੇਵੇਗੀ।