ਅਜੈ ਕਨੌਜੀਆ, ਕਪੂਰਥਲਾ : ਸਥਾਨਕ ਮੁਹੱਲਾ ਮਹਿਤਾਬਗੜ੍ਹ ਗੁਰੂ ਗਿਆਨ ਆਸ਼ਰਮ ਵਿਖੇ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਦਾ ਇਕੱਠ ਹੋਇਆ। ਇਸ ਤੋਂ ਬਾਅਦ ਰੋਸ ਮਾਰਚ ਕਰਕੇ ਪੁਰਾਣੀ ਕਚਿਹਰੀ ਐੱਸਐੱਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿਚ ਪਹੁੰਚੀਆਂ ਵੱਖ-ਵੱਖ ਜੱਥੇਬੰਦੀਆਂ ਜਿਨ੍ਹਾਂ ਵਿਚ ਵਾਲਮੀਕਿ ਮਜ਼ਬੀ ਸਿੱਖ ਮੋਰਚਾ (ਰਜਿ.) ਪੰਜਾਬ ਦੇ ਮਹਿੰਦਰ ਸਿੰਘ ਹਮੀਰਾ ਨੇ ਕਿਹਾ ਕਿ ਗੁਰੂ ਗਿਆਨ ਨਾਥ ਆਸ਼ਰਮ ਵਾਲਮੀਕਿ ਸਮਾਜ ਦਾ ਇਤਿਹਾਸਕ ਆਸ਼ਰਮ ਹੈ। ਜਿੱਥੇ ਗੁਰੂ ਗਿਆਨ ਨਾਥ ਮਹਾਰਾਜ ਜੀ ਦਾ ਪ੍ਰਾਚੀਨ ਮੰਦਿਰ ਹੈ ਤੇ ਮੰਦਿਰ ਦੇ ਨਾਮ 'ਤੇ ਕਰੀਬ 64 ਕਨਾਲ ਜ਼ਮੀਨ ਹੈ। ਜਿਸ 'ਤੇ ਕੁੱਝ ਲੋਕ ਧੱਕੇਸ਼ਾਹੀ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ। ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਕੌਮੀ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਕੁੱਝ ਗੁੰਡਾ ਅਨਸਰ ਗੁਰੂ ਨਾਥ ਡੇਰੇ 'ਤੇ ਦਖਲ ਅੰਦਾਜ਼ੀ ਕਰਕੇ ਡੇਰੇ ਦੇ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਸਾਡੇ ਸਤਿਕਾਰਯੋਗ ਗੱਦੀ ਨਸ਼ੀਨ ਸੰਤ ਗਿਰਦਾਰੀ ਨਾਥ ਖਿਲਾਫ਼ ਗਲਤ ਟਿਪਣੀਆਂ ਕਰਦੇ ਹਨ। ਜਿਸ ਨਾਲ ਸਮਾਜ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਿਸ ਸਬੰਧੀ ਅਸੀ ਪਿਛਲੇ ਦਿਨੀਂ ਐੱਸਐੱਚਓ ਕਪੂਰਥਲਾ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਸੀ ਅਤੇ ਉੱਚ ਅਫ਼ਸਰਾਂ ਦੇ ਵਾਰ-ਵਾਰ ਧਿਆਨ ਵਿਚ ਲਿਆਂਦਾ ਗਿਆ, ਪਰ ਇਸ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਜਿਸ ਕਰਕੇ ਮਜਬੂਰਨ ਐੱਸਐੱਸਪੀ ਕਪੂਰਥਲਾ ਦਾ ਿਘਰਾਓ ਕੀਤਾ ਗਿਆ। ਇਸ ਮੌਕੇ ਕਸ਼ਮੀਰ ਸਿੰਘ ਘੁੱਗ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਮੁਲਜ਼ਮਾਂ 'ਤੇ ਮਾਮਲਾ ਦਰਜ ਕਰਕੇ ਗਿ੍ਰਫ਼ਤਾਰ ਨਾ ਕੀਤਾ ਤਾਂ ਜਬਰਦਸਤ ਅੰਦੋਲਨ ਕੀਤਾ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਬਾਬਾ ਇੰਦਰਜੀਤ ਸਿੰਘ, ਤਰਸੇਮ ਸਿੰਘ ਥਾਪਰ, ਗੁਰਮੁੱਖ ਸਿੰਘ, ਨਛੱਤਰ ਨਾਥ, ਸ਼ੇਰ ਗਿੱਲ, ਬਿੰਦਰ ਸਿੰਘ, ਬਲਵੀਰ ਸਿੰਘ, ਡਾ. ਉਪਿੰਦਰ, ਸ਼ਿੰਦਰ ਸਿੰਘ, ਤਰਸੇਮ ਠੱਟਾ, ਦੇਸਰਾਜ, ਅਮਰਜੀਤ ਸਿੰਘ, ਜਸਵੀਰ ਬਹਿਰਾਮ, ਪਾਲ ਸਹੋਤਾ, ਜਸਵਿੰਦਰ, ਮੁਖਤਿਆਰ, ਜੋਗਿੰਦਰ ਸਿੰਘ, ਸੁਭਾਸ਼ ਸਿੰਘ, ਪਰਮਜੀਤ ਸਿੰਘ, ਬਾਬਾ ਜੀਵਨ ਸਿੰਘ, ਗੁਰਸੇਵਕ ਸਿੰਘ ਆਦਿ ਤੋਂ ਇਲਾਵਾ ਸਿੱਖ ਮਜ਼ਬੀ ਸਿੰਘ ਸੰਗਤਾਂ ਹਾਜ਼ਰ ਸਨ।