ਵਿਜੇ ਸੋਨੀ, ਫਗਵਾੜਾ : ਬੀਤੇ 22 ਮਹੀਨਿਆਂ ਤੋਂ ਬਿਨਾਂ ਕਾਰਨ ਜੇਲ੍ਹਾਂ ਵਿਚ ਬੰਦ ਜਨਰਲ ਸਮਾਜ ਦੇ ਚਾਰ ਮੈਂਬਰਾਂ ਦੀ ਰਿਹਾਈ ਲਈ ਸਮੂਹ ਸਮੂਹ ਭਾਈਚਾਰੇ ਨੇ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕੀਤਾ ਅਤੇ ਚਾਰਾਂ ਆਗੂਆਂ ਦੀ ਰਿਹਾਈ ਦੀ ਮੰਗ ਕੀਤੀ। ਇਸ ਸਬੰਧੀ ਐੱਸਡੀਐੱਮ ਫਗਵਾੜਾ ਗੁਰਵਿੰਦਰ ਸਿੰਘ ਜੌਹਲ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇਕ ਮੰਗ ਪੱਤਰ ਦਿੱਤਾ। ਗਾਂਧੀ ਚੌਂਕ ਫਗਵਾੜਾ ਵਿਖੇ ਧਰਨੇ 'ਤੇ ਬੈਠੇ ਆਗੂਆਂ ਨੇ ਦੱਸਿਆ ਕਿ 13 ਅਪ੍ਰਰੈਲ 2018 ਦੀ ਰਾਤ ਫਗਵਾੜਾ ਗੋਲੀ ਕਾਂਡ ਦੀ ਘਟਨਾ ਦੇ ਮਾਮਲੇ ਵਿਚ ਫਗਵਾੜਾ ਪੁਲਿਸ ਦਾ ਰਵੱਈਆ ਪੱਖਪਾਤ ਵਾਲਾ ਰਿਹਾ ਹੈ। ਇਸ ਮਾਮਲੇ ਵਿਚ ਪੁਲਿਸ ਵਲੋਂ ਕਰਾਸ ਕੇਸ ਦਰਜ ਕੀਤਾ ਗਿਆ ਸੀ। ਦੂਜੇ ਪੱਖ ਦੇ ਲੋਕਾਂ ਨੂੰ ਜਿਥੇ ਕਲੀਨ ਚਿੱਟ ਦੇ ਦਿੱਤੀ ਗਈ ਉਥੇ ਹਿੰਦੂ ਸਮਾਜ ਦੇ ਚਾਰ ਮੈਂਬਰਾਂ ਇੰਦਰਜੀਤ ਕਰਵਲ, ਦੀਪਕ ਭਾਰਦਵਾਜ, ਰਾਜੂ ਚਹਿਲ, ਸ਼ਿਵੀ ਬੱਤਾ ਨੂੰ ਬਿਨਾ ਵਜਾ ਦੇ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਪੁਲਿਸ ਜਾਂਚ ਦੇ ਬਹਾਨੇ ਮਾਮਲੇ ਨੂੰ ਲਟਕਾਉਂਦੀ ਆ ਰਹੀ ਹੈ। ਕੋਰਟ ਵਿਚ ਚਲਾਨ ਤੱਕ ਪੇਸ਼ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਆਖਿਆ ਕਿ ਜਾਂਚ ਵਿਚ ਸਿੱਧ ਹੋ ਚੱੁਕਾ ਹੈ ਕਿ ਕੋਈ ਵੀ ਗੋਲੀ ਲਾਇਸੈਂਸੀ ਪਿਸਤੌਲ ਨਾਲ ਨਹੀਂ ਚਲਾਈ ਗਈ। ਇਹ ਵੀ ਸਾਫ ਨਹੀਂ ਹੈ ਕਿ ਗੋਲੀ ਕਿਸ ਪੱਖ ਵਲੋਂ ਚਲਾਈ ਗਈ ਹੈ। ਐੱਫਆਈਆਰ ਵਿਚ ਦਰਜ ਹੈ ਕਿ ਗੋਲੀਬਾਰੀ ਦੋਵਾਂ ਪਾਸਿੳਂ ਕੀਤੀ ਗਈ ਸੀ। ਫਗਵਾੜਾ ਪੁਲਿਸ ਜਾਣ ਬੁਝ ਕੇ ਚਾਰੋ ਹਿੰਦੂ ਮੈਂਬਰਾਂ ਦੀ ਜਮਾਨਤ ਵਿਚ ਰੁਕਾਵਟ ਪਾ ਰਹੀ ਹੈ। ਆਗੂਆਂ ਨੇ ਆਖਿਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਦੇ ਇਕ ਅਧਿਕਾਰੀ ਨੇ ਝੂਠਾ ਪੱਤਰ ਦੇ ਕੇ ਚਾਰੋਂ ਹਿੰਦੂ ਲੀਡਰਾਂ ਨੂੰ ਅਪਰਾਧੀ ਵਿਰਤੀ ਦਾ ਦੱਸਿਆ ਹੈ। ਜਿਸ ਨਾਲ ਸਮੂਹ ਹਿੰਦੂ ਸਮਾਜ ਆਹਤ ਹੈ। ਉਨ੍ਹਾਂ ਚਾਰੋਂ 'ਤੇ ਪਹਿਲਾ ਕੋਈ ਵੀ ਮਾਮਲਾ ਦਰਜ ਨਹੀਂ ਹੈ। ਪਹਿਲਾ ਹੋਏ ਸਾਰੇ ਮਾਮਲਿਆਂ ਵਿਚ ਵੀ ਉਹ ਬੇਗੁਨਾਹ ਸਾਬਿਤ ਹੋਏ ਹਨ। ਇਸ ਲਈ ਚਾਰਾਂ ਨੂੰ ਜੇਲ੍ਹ 'ਚੋਂ ਬਾਹਰ ਕੱਿਢਆ ਜਾਵੇ। ਮਾਨਯੋਗ ਅਦਾਲਤ ਨੂੰ ਗੁੰਮਰਾਹ ਕਰਨ ਵਾਲੇ ਪੁਲਿਸ ਅਧਿਕਾਰੀ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਮਾਮਲੇ ਸਬੰਧੀ 24 ਫਰਵਰੀ ਤੋਂ ਪਹਿਲਾਂ ਚਲਾਨ ਕੋਰਟ ਵਿਚ ਪੇਸ਼ ਕੀਤਾ ਜਾਵੇ। ਮਾਮਲੇ ਬਾਰੇ ਗੱਲਬਾਤ ਕਰਦਿਆਂ ਸੀਨੀਅਰ ਆਗੂ ਅਵਤਾਰ ਮੰਡ ਨੇ ਆਖਿਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਕੋਲੋਂ ਇਹ ਹੀ ਸਾਬਿਤ ਨਹੀਂ ਹੋਇਆ ਕਿ ਗੋਲੀ ਕਿਸ ਨੇ ਚਲਾਈ ਹੈ ਪਰ ਫੇਰ ਵੀ ਚਾਰਾਂ ਨੂੰ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਜਿਸ ਕਾਰਨ ਪੁਲਿਸ ਪ੍ਰਸ਼ਾਸਨ ਦੀ ਮਨਸ਼ਾ 'ਤੇ ਕਈ ਸਵਾਲ ਖੜੇ ਹੋ ਰਹੇ ਹਨ। ਜੇਕਰ ਫਗਵਾੜਾ ਪੁਲਿਸ ਇਸ ਮਾਮਲੇ ਨੂੰ ਹੱਲ ਨਹੀਂ ਕਰ ਸਕਦੀ ਤਾਂ ਉਸ ਨੂੰ ਇਹ ਮਾਮਲਾ ਹੋਰ ਵਿਭਾਗ ਦੇ ਸਪੁਰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਮੁਲਜ਼ਮਾਂ ਨੂੰ ਸਜਾ ਮਿਲ ਸਕੇ ਅਤੇ ਜੋ ਬੇਗੁਨਾਹ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਦੀ ਰਿਹਾਈ ਹੋ ਸਕੇ। ਇਸ ਮੌਕੇ ਕੰਚਨ ਚਹਿਲ ਪਤਨੀ ਰਾਜੂ ਚਹਿਲ, ਸ਼ਸੀ ਬਾਲਾ ਪਤਨੀ ਦੀਪਕ ਭਾਰਦਵਾਜ, ਡਾ. ਰਕੇਸ਼ ਬੱਤਾ, ਜਿੰਮੀ ਕਰਵਲ ਪੁੱਤਰ ਇੰਦਰਜੀਤ ਕਰਵਲ ਵਲੋਂ ਐੱਸਡੀਐੱਮ ਫਗਵਾੜਾ ਨੂੰ ਇਕ ਮੰਗ ਪੱਤਰ ਦੇ ਕੇ ਉਨ੍ਹਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਗਈ। ਸਮੂਹ ਜਨਰਲ ਸਮਾਜ ਨੇ ਫਗਵਾੜਾ ਪੁਲਿਸ ਪ੍ਰਸ਼ਾਸਨ ਨੂੰ 24 ਫਰਵਰੀ ਤੱਕ ਦਾ ਸਮਾਂ ਦਿੱਤਾ ਹੈ। ਜੇਕਰ ਉਨ੍ਹਾਂ ਵਲੋਂ ਕਾਰਵਾਈ ਨਾ ਕੀਤੀ ਗਈ ਤਾਂ 24 ਫਰਵਰੀ ਨੂੰ ਮੁੜ ਤੋਂ ਗਾਂਧੀ ਚੌਂਕ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਆਮਰਣ ਅੰਨ ਸ਼ੰਨ ਵੀ ਸ਼ੁਰੂ ਕੀਤਾ ਜਾਵੇਗਾ। ਐੱਸਡੀਐੱਮ ਗੁਰਿਵੰਦਰ ਸਿੰਘ ਜੌਹਲ ਨੇ ਸਮੂਹ ਜਨਰਲ ਸਮਾਜ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਬਹੁਤ ਜਲਦ ਇਸ ਮਾਮਲੇ ਬਾਰੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹੱਲ ਕਰ ਦੇਣਗੇ। ਪੁਲਿਸ ਪ੍ਰਸ਼ਾਸਨ ਵਲੋਂ ਪੁਖਤਾ ਇੰਤਜਾਮ ਕੀਤੇ ਗਏ ਸਨ। ਬੰਗਾ ਰੋਡ ਗਾਂਧੀ ਚੌਂਕ ਨੂੰ ਦੋਵਾ ਪਾਸਿਓ ਬਲਾਕ ਕਰਕੇ ਨਾਕਾਬੰਦੀ ਕੀਤੀ ਗਈ ਸੀ। ਐੱਸਪੀ ਮਨਵਿੰਦਰ ਸਿੰਘ ਅਤੇ ਐੱਸਐੱਚਓ ਉਂਕਾਰ ਸਿੰਘ ਬਰਾੜ ਵਲੋ ਮੌਕੇ ਦੀ ਸਥਿਤੀ 'ਤੇ ਪੈਣੀ ਨਜਰ ਰੱਖੀ ਜਾ ਰਹੀ ਸੀ।