ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਪੰਜਾਬ ਦੇ ਕਰਮਚਾਰੀਆਂ ਦੀਆਂ ਮੰਗਾਂ ਅਤੇ ਮਨਿਸਟਰੀਅਲ ਕੈਡਰ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਪ੍ਰਦੇਸ਼ ਕਮੇਟੀ ਦੇ ਸੱਦੇ 'ਤੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਜ਼ਿਲ੍ਹਾ ਕਪੂਰਥਲਾ ਨੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਦੀ ਪ੍ਰਧਾਨਗੀ ਹੇਠ ਡੀਸੀ ਦਫ਼ਤਰ ਦੇ ਸਾਹਮਣੇ ਰੋਸ ਪੂਰਵਕ ਰੈਲੀ ਤੇ ਪ੍ਰਦਰਸ਼ਨ ਕਰਨ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਸਰਕਾਰ ਵਲੋਂ ਅਪਨਾਏ ਜਾ ਰਹੇ ਅੜੀਅਲ ਰਵੱਈਏ ਦੀ ਨਿੰਦਾ ਕਰਦੇ ਹੋਏ ਚੇਤਾਵਨੀ ਦਿੱਤੀ ਕਿ ਜੇਕਰ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਜਿਨ੍ਹਾਂ ਵਿਚ ਪੇ-ਕਮਿਸ਼ਨ ਦੀ ਰਿਪੋਰਟ ਨੂੰ ਰਿਲੀਜ਼ ਕਰਨਾ, ਅੰਤਿਮ ਰਾਹਤ ਜਾਰੀ ਕਰਨਾ, ਅਕਾਲੀ ਭਾਜਪਾ ਰਾਜ ਸਮੇਂ ਦਾ 23 ਮਹੀਨਿਆਂ ਦਾ ਡੀਏ ਦਾ ਪੈਂਡਿੰਗ ਪਿਆ ਬਕਾਇਆ ਰਿਲੀਜ਼ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਡੀਏ ਦੀਆਂ 1 ਜਨਵਰੀ 2018 ਤੋਂ ਪਈ ਬਕਾਇਆ ਕਿਸ਼ਤਾਂ ਸਮੇਂ ਏਰੀਆ ਰਿਲੀਜ਼ ਕਰਨ, ਮੈਡੀਕਲ ਭੱਤਾ 3 ਹਜ਼ਾਰ ਰੁਪਏ ਮਹੀਨਾ ਕਰਨਾ, ਆਊਟ ਸੋਰਸਿੰਗ ਅਤੇ ਕੰਟਰੈਕਟ ਬੇਸਿਸ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਅਤੇ ਸੀਪੀਐੱਫ਼ ਦੀ ਜਗ੍ਹਾ ਅਤੇ ਪੁਰਾਣੀ ਪੈਨਸ਼ਨ ਦਾ ਨਿਪਟਾਰਾ ਨਾ ਕੀਤਾ ਤਾਂ 24 ਫ਼ਰਵਰੀ ਨੂੰ ਜ਼ਿਲ੍ਹੇ ਭਰ ਤੋਂ ਸੈਂਕੜੇ ਕਰਮਚਾਰੀਆਂ ਦਾ ਕਾਫ਼ਲਾ ਪ੍ਰਦੇਸ਼ ਰੈਲੀ ਵਿਚ ਸ਼ਾਮਲ ਹੋਵੇਗਾ। ਰੈਲੀ ਵਿਚ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ, ਜਨਰਲ ਸਕੱਤਰ ਸੰਗਤ ਰਾਮ, ਓਂਕਾਰ ਸਿੰਘ, ਪਰਮਜੀਤ ਸਿੰਘ, ਮਨੀਸ਼ ਕੁਮਾਰ, ਸੁਖਵਿੰਦਰ ਸਿੰਘ, ਸੁਖਜਿੰਦਰ ਸਿੰਘ, ਪਰਮਜੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ।