ਸਟਾਫ ਰਿਪੋਰਟਰ, ਕਪੂਰਥਲਾ : ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟੇ੍ਟ ਕਪੂਰਥਲਾ ਦੀਪਤੀ ਉਪਲ ਵੱਲੋਂ ਝੋਨੇ ਦੀ ਕਟਾਈ ਲਈ ਕੰਬਾਈਨਾਂ ਦੇ ਚੱਲਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ ਕੰਬਾਈਨਾਂ ਰਾਹੀਂ ਝੋਨੇ ਦੀ ਕਟਾਈ ਸ਼ਾਮ 7 ਤੋਂ ਸਵੇਰੇ 7 ਵਜੇ ਤਕ ਨਹੀਂ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਕੰਬਾਈਨ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕੰਬਾਈਨ ਨਾਲ ਫ਼ਸਲ ਦੀ ਕਟਾਈ ਤੋਂ ਪਹਿਲਾਂ ਉਸ ਦੀ ਖੇਤੀਬਾੜੀ ਵਿਭਾਗ ਤੋਂ ਇੰਸਪੈਕਸ਼ਨ ਕਰਵਾਉਣ ਅਤੇ ਕੋਈ ਵੀ ਕੰਬਾਈਨ ਸੁਪਰ ਐਸ.ਐਮ.ਐਸ ਤੋਂ ਬਗੈਰ ਕੰਮ ਨਹੀਂ ਕਰ ਸਕੇਗੀ। ਉਹਨਾਂ ਕਿਹਾ ਕਿ ਰਾਤ ਵੇਲੇ ਝੋਨੇ ਦੀ ਕਟਾਈ ਨਾਲ ਫ਼ਸਲ ਦੀ ਗੁਣਵੱਤਾ ਤੇ ਮਾੜਾ ਅਸਰ ਪੈਂਦਾ ਹੈ ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਵੇਚਣ ਵਿੱਚ ਦਿੱਕਤ ਪੇਸ਼ ਆਉਂਦੀ ਹੈ। ਉਹਨਾਂ ਖੇਤੀਬਾੜੀ ਵਿਭਾਗ ਨੂੰ ਕਿਹਾ ਕਿ ਕੇਵਲ ਸੁਪਰ ਐਸ.ਐਮ.ਐਸ ਵਾਲੀ ਮਸ਼ੀਨ ਰਾਹੀਂ ਹੀ ਝੋਨੇ ਦੀ ਕਟਾਈ ਕੀਤੇ ਜਾਣਾ ਯਕੀਨੀ ਬਣਾਉਣ। ਇਹ ਹੁਕਮ 13 ਨਵੰਬਰ ਤੱਕ ਲਾਗੂ ਰਹਿਣਗੇ। ਇਸ' ਤੋਂ ਇਲਾਵਾ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾਈ ਹੈ, ਕਿਉਂਕਿਇਸ ਨਾਲ ਜਿੱਥੇ ਵਾਤਾਵਰਣ ਦਾ ਨੁਕਸਾਨ ਹੁੰਦਾ ਹੈ, ਉਥੇ ਹੀ ਸੜਕਾਂ ਦੇ ਕਿਨਾਰੇ ਲਗਾਏ ਗਏ ਬੂਟੇ ਵੀ ਅੱਗ ਦੀ ਲਪੇਟ ਵਿੱਚ ਆ ਜਾਂਦੇ ਹਨ। ਇਹ ਹੁਕਮ 25 ਸਤੰਬਰ ਤੋ 23 ਨਵੰਬਰ, 2021 ਤੱਕ ਲਾਗੂ ਰਹਿਣਗੇ।