ਰੌਸ਼ਨ ਖੈੜਾ, ਕਪੂਰਥਲਾ : ਜ਼ਿਲ੍ਹੇ ਅੰਦਰ ਝੋਨੇ ਦੀ ਖਰੀਦ ਦਾ ਕੰਮ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਬੀਤੀ 16 ਅਕਤੂਬਰ ਤਕ ਸੰਭਾਵੀ 8 ਲੱਖ ਮੀਟਿ੍ਕ ਟਨ ਝੋਨੇ ਦੀ ਖਰੀਦ ਦੇ ਟੀਚੇ ਦਾ 33 ਫੀਸਦੀ ਤੋਂ ਜ਼ਿਆਦਾ ਝੋਨਾ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤਾ ਜਾ ਚੁੱਕਾ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਾਰੀਆਂ ਸਥਾਈ 42 ਤੇ 21 ਆਰਜੀ ਮੰਡੀਆਂ ਵਿਚ ਖਰੀਦ ਦਾ ਕੰਮ ਨਿਰਵਿਘਨ ਤਰੀਕੇ ਨਾਲ ਚਾਲੂ ਹੈ। ਜ਼ਿਲ੍ਹੇ ਵਿਚ ਖਰੀਦ ਦਾ ਸੰਭਾਵੀਂ ਟੀਚਾ 8 ਲੱਖ ਮੀਟਿ੍ਕ ਟਨ, ਜਿਸ ਵਿਚੋਂ 16 ਅਕਤੂਬਰ ਤਕ 268281 ਮੀਟਿ੍ਕ ਟਨ ਖਰੀਦ ਹੋ ਗਈ ਹੈ। ਮੰਡੀਆਂ ਵਿਚ ਝੋਨੇ ਦੀ ਕੁੱਲ ਆਮਦ 273511 ਮੀਟਰਕ ਟਨ ਹੈ, ਜਿਸ ਵਿਚੋਂ 268281 ਮੀਟਿ੍ਕ ਟਨ ਦੀ ਖਰੀਦ ਨਾਲ 98.09 ਫ਼ੀਸਦੀ ਝੋੋਨਾ ਖਰੀਦਿਆ ਜਾ ਚੁੱਕਾ ਹੈ। ਖਰੀਦ ਵਿਚ ਪਨਗਰੇਨ ਸਭ ਤੋਂ ਮੋਹਰੀ ਹੈ, ਜਿਸ ਨੇ 119616 ਮੀਟਿ੍ਕ ਟਨ ਝੋਨਾ ਖਰੀਦਿਆ ਹੈ। ਦੂਜੇ ਸਥਾਨ 'ਤੇ ਮਾਰਕਫੈੱਡ ਨੇ 81800 ਮੀਟਿ੍ਕ ਟਨ, ਪਨਸਪ ਨੇ 42859, ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਨੇ 21694 ਮੀਟਿ੍ਕ ਟਨ ਅਤੇ ਨਿੱਜੀ ਖਰੀਦਦਾਰਾਂ ਨੇ 2312 ਮੀਟਿ੍ਕ ਟਨ ਝੋਨੇ ਦੀ ਖਰੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਖਰੀਦ ਪ੍ਰਕਿਰਿਆ ਦੇ ਰੋਜ਼ਾਨਾ ਦੇ ਆਧਾਰ 'ਤੇ ਕੀਤੀ ਜਾ ਰਹੀ ਨਿਗਰਾਨੀ ਦੇ ਬਹੁਤ ਸਾਰਥਿਕ ਸਿੱਟੇ ਨਿਕਲੇ ਹਨ, ਜਿਸ ਕਰਕੇ ਕਿਸਾਨਾਂ ਨੂੰ ਖਰੀਦ ਕੀਤੇ ਗਏ ਝੋਨੇ ਦੀ ਅਦਾਇਗੀ ਵਿਚ ਵੀ ਬਹੁਤ ਸੁਧਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕਰਨ ਦੇ 48 ਘੰਟੇ ਦੇ ਅੰਦਰ-ਅੰਦਰ ਅਦਾਇਗੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। 16 ਅਕਤੂਬਰ ਤਕ ਕਿਸਾਨਾਂ ਦੇ ਖਾਤਿਆਂ ਅੰਦਰ ਸਿੱਧੇ ਤੌਰ 'ਤੇ 308.14 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਫਸਲ ਨੂੰ ਪੂਰੀ ਤਰਾਂ੍ਹ ਪੱਕਣ 'ਤੇ ਹੀ ਕਟਾਈ ਕਰਨ ਅਤੇ ਮੰਡੀ ਵਿਚ ਸੁੱਕਾ ਝੋਨਾ ਹੀ ਲਿਆਂਦਾ ਜਾਵੇ ਤਾਂ ਜੋ ਉਸਨੂੰ ਵੇਚਣ ਵਿਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।