ਲਖਵੀਰ ਲੱਖੀ/ਅਰਸ਼ਦੀਪ ਸਿੰਘ, ਸੁਲਤਾਨਪੁਰ ਲੋਧੀ

ਵਿਧਵਾ ਅੌਰਤ ਮਨਜੀਤ ਕੌਰ ਪਤਨੀ ਸਵ. ਕਾਬਲ ਸਿੰਘ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਆਪਣੀਆਂ ਤਿੰਨ ਲੜਕੀਆਂ ਦੀ ਹਾਜ਼ਰੀ 'ਚ ਸ੍ਰੀ ਗੁਰੂ ਨਾਨਕ ਪ੍ਰਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਇੱਥੇ ਪ੍ਰਰੈੱਸ ਕਾਨਫਰੰਸ ਦੌਰਾਨ ਆਪਣੇ ਦਿਓਰ ਤੇ ਜੇਠ ਅਤੇ ਉਨ੍ਹਾਂ ਦੇ ਲੜਕਿਆਂ 'ਤੇ ਧੱਕੇਸ਼ਾਹੀ ਕਰ ਕੇ ਉਨ੍ਹਾਂ ਦੀ ਜਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਤੇ ਉਨ੍ਹਾਂ ਨਾਲ ਗਾਲੀ ਗਲੋਚ ਕਰਨ, ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ ਤੇ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਵਿਧਵਾ ਮਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੀ ਜ਼ਮੀਨ ਪਿੰਡ ਮੰਡ ਹਜ਼ਾਰਾ ਕਬੀਰਪੁਰ ਥਾਣੇ 'ਚ ਹੈ ਅਤੇ ਉਸ ਦੇ ਪਤੀ ਕਾਬਲ ਸਿੰਘ ਦੀ 18 ਸਾਲ ਪਹਿਲਾ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਘਰ ਤਿੰਨ ਧੀਆਂ ਹੀ ਹਨ ਅਤੇ ਕੋਈ ਲੜਕਾ ਨਹੀ ਹੈ, ਜਿਸ ਕਾਰਨ ਉਸ ਦੇ ਦਿਓਰ ਤੇ ਜੇਠ ਵੱਲੋਂ ਆਪਣੇ ਲੜਕਿਆਂ ਨੂੰ ਨਾਲ ਲੈ ਕੇ ਉਸ ਦੇ ਪਰਿਵਾਰ ਦੀ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ ਪਰ ਸਾਡੇ ਘਰ 'ਚ ਕੋਈ ਆਦਮੀ ਨਾ ਹੋਣ ਕਾਰਨ ਅੌਰਤਾਂ ਦੇਖ ਕੇ ਸਾਡੇ ਕੋਲੋਂ ਸਾਡੀ ਜ਼ਮੀਨ ਖੋਹੀ ਜਾ ਰਹੀ ਹੈ। ਮਨਜੀਤ ਕੌਰ ਨਾਲ ਉਸ ਦੀਆਂ ਤਿੰਨ ਵਿਆਹੀਆਂ ਲੜਕੀਆਂ ਕੁਲਵਿੰਦਰ ਕੌਰ, ਸ਼ਰਣਜੀਤ ਕੌਰ ਤੇ ਰਾਜਵਿੰਦਰ ਕੌਰ ਨੇ ਵੀ ਪ੍ਰਰੈੱਸ ਕਾਨਫਰੰਸ ਦੌਰਾਨ ਆਪਣੇ ਚਾਚੇ ਤੇ ਤਾਏ 'ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਾਡਾ ਕੋਈ ਭਰਾ ਨਹੀਂ ਹੈ ਤੇ ਸਾਡੇ ਤਾਏ ਦੇ ਲੜਕੇ ਵੀ ਸਾਨੂੰ ਆਪਣੀ ਜ਼ਮੀਨ ਵਿਚ ਜਾਣ 'ਤੇ ਗੰਦੀਆਂ ਗਾਲਾਂ ਕੱਢਦੇ ਹਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ।

ਉਕਤ ਮਾਵਾਂ ਧੀਆਂ ਨੇ ਦੋਸ਼ ਲਾਇਆ ਕਿ ਅਸੀਂ ਪਹਿਲਾ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਜ਼ਮੀਨ ਠੇਕੇ 'ਤੇ ਚਾਚੇ-ਤਾਏ ਪਰਿਵਾਰ ਨੂੰ ਦਿੱਤੀ ਸੀ ਜੋ ਹੁਣ ਠੇਕਾ ਵੀ ਨਹੀਂ ਦੇ ਰਹੇ ਤੇ ਜ਼ਮੀਨ 'ਤੇ ਵੀ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਵਿਚ ਹਨ। ਉਨ੍ਹਾਂ ਦੱਸਿਆ ਕਿ ਅਸੀਂ ਸੀਨੀਅਰ ਪੁਲਿਸ ਕਪੂਰਥਲਾ ਕਪੂਰਥਲਾ ਸਤਿੰਦਰ ਸਿੰਘ ਤੇ ਡੀਐੱਸਪੀ ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਨੂੰ ਵੀ ਮਿਲ ਕੇ ਫਰਿਆਦ ਕੀਤੀ ਹੈ। ਜਿਨ੍ਹਾਂ ਸਾਨੂੰ ਇਨਸਾਫ਼ ਦਿਵਾਉਣ ਦਾ ਵਿਸ਼ਵਾਸ ਦਿਵਾਇਆ ਸੀ ਪਰ ਥਾਣਾ ਕਬੀਰਪੁਰ ਦੇ ਐੱਸਐੱਚਓ ਵੱਲੋਂ ਵੀ ਕਥਿਤ ਤੌਰ 'ਤੇ ਵਿਰੋਧੀ ਧਿਰ ਨਾਲ ਮਿਲ ਕੇ ਸਾਡੀ ਕੋਈ ਸੁਣਵਾਈ ਨਹੀ ਕੀਤੀ ਤੇ ਦੂਜੀ ਧਿਰ ਵੱਲੋਂ ਉਲਟਾ ਸਾਡੇ ਖਿਲਾਫ ਹੀ ਕੇਸ ਦਰਜ ਕਰ ਦਿੱਤਾ।

ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਸਾਡੇ ਨਾਲ ਹੋ ਰਹੀ ਧੱਕੇਸ਼ਾਹੀ ਰੋਕੀ ਜਾਵੇ। ਉਨ੍ਹਾਂ ਦੱਸਿਆ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀਆਈਜੀ ਜਲੰਧਰ, ਐੱਸਐੱਸਪੀ ਕਪੂਰਥਲਾ ਤੇ ਡੀਐੱਸਪੀ ਸੁਲਤਾਨਪੁਰ ਲੋਧੀ ਨੂੰ ਪੱਤਰ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਮਾਮਲੇ ਸਬੰਧੀ ਸਬ ਡਵੀਜਨ ਸੁਲਤਾਨਪੁਰ ਲੋਧੀ ਦੇ ਡੀਐੱਸਪੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਪਿੰਡ ਮੰਡ ਹਜ਼ਾਰਾ 'ਚ ਕੇਂਦਰ ਸਰਕਾਰ ਦੀ ਮਾਲਕੀ ਜ਼ਮੀਨ ਹੈ ਜਿਸ ਵਿਚੋਂ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਤਕਰੀਬਨ 7 ਕਨਾਲ ਤੇ ਕੁਝ ਮਰਲੇ ਜ਼ਮੀਨ ਦੀ ਗਿਰਦਾਵਰੀ ਸਵ. ਕਾਬਲ ਸਿੰਘ ਵਗੈਰਾ ਪਰਿਵਾਰ ਦੇ ਨਾਂ 'ਤੇ ਹੈ। ਉਨ੍ਹਾਂ ਦੱਸਿਆ ਕਿ ਜਿਸ ਜ਼ਮੀਨ 'ਤੇ ਦੂਜੀ ਧਿਰ ਵੱਲੋਂ ਝੋਨਾ ਲਗਾਇਆ ਹੋਇਆ ਸੀ ਤੇ ਬੀਤੇ ਦਿਨੀਂ ਮਾਤਾ ਮਨਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਵੱਲੋਂ 20-25 ਵਿਅਕਤੀ ਲੈ ਕੇ ਉਨ੍ਹਾਂ ਦਾ ਝੋਨਾ ਵਾਹੁਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਸਬੰਧੀ ਜਾਂਚ ਕਰਕੇ ਥਾਣਾ ਕਬੀਰਪੁਰ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਡੀਐੱਸਪੀ ਬੱਲ ਨੇ ਮਨਜੀਤ ਕੌਰ ਤੇ ਉਸ ਦੀਆਂ ਲੜਕੀਆਂ ਵੱਲੋਂ ਦੂਜੀ ਧਿਰ 'ਤੇ ਲਗਾਏ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਤੇ ਗਾਲੀ ਗਲੋਚ ਦੇ ਦੋਸ਼ਾਂ ਬਾਰੇ ਕਿਹਾ ਕਿ ਮੈਨੂੰ ਇਸ ਸਬੰਧੀ ਸ਼ਿਕਾਇਤ ਮਿਲਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਕਾਨੂੰਨ ਹੱਥ 'ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।