9 ਕੇਪੀਟੀ 20,21

ਜੇਐੱਨਐੱਨ, ਫਗਵਾੜਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਸ਼ਹਿਰ 'ਚ ਨਾਜਾਇਜ਼ ਸ਼ਰਾਬ ਦੀ ਵਿਕਰੀ ਦੇ ਸ਼ੱਕ ਤੇ ਗੁਪਤਾ ਥਾਵਾਂ 'ਤੇ ਭੰਡਾਰ ਕਰਨ ਦੇ ਦਿ੍ਸ਼ਟੀਕੋਣ ਤਹਿਤ ਫਗਵਾੜਾ ਪੁਲਿਸ ਵੱਲੋਂ ਵਿੱਢੀ ਗਈ ਤਲਾਸ਼ੀ ਮੁਹਿੰਮ ਐਤਵਾਰ ਨੂੰ ਵੀ ਜਾਰੀ ਰਹੀ। ਇਸ ਦੌਰਾਨ ਐਕਸਾਈਜ਼ ਵਿਭਾਗ ਦੀ ਟੀਮ ਨੇ ਫਗਵਾੜਾ ਪੁਲਿਸ ਸਮੇਤ ਥਾਣਾ ਸਦਰ, ਸਤਨਾਮਪੁਰਾ ਤੇ ਥਾਣਾ ਸਿਟੀ ਅਧੀਨ ਆਉਂਦੇ ਖੇਤਰ ਮੁਹੱਲਾ ਪਹਿਚਾਨ ਨਗਰ, ਓਂਕਾਰ ਨਗਰ, ਸੀਆਰਪੀ ਕਾਲੋਨੀ, ਖਾਲਸਾ ਇਨਕਲੇਵ ਆਦਿ ਖੇਤਰਾਂ 'ਚ ਚੈਕਿੰਗ ਕੀਤੀ ਤੇ ਇਨ੍ਹਾਂ ਖੇਤਰਾਂ 'ਚ ਬੰਦ ਪਈਆਂ ਇਮਾਰਤਾਂ ਨੂੰ ਵੀ ਚੈੱਕ ਕੀਤਾ। ਥਾਣਾ ਸਿਟੀ ਦੇ ਐੱਸਐੱਚਓ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪ੍ਰਦੇਸ਼ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਮਗਰੋਂ ਪ੍ਰਦੇਸ਼ ਸਰਕਾਰ ਵੱਲੋਂ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸੇ ਤਹਿਤ ਐਤਵਾਰ ਨੂੰ ਐੱਸਪੀ ਮਨਵਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਫਗਵਾੜਾ ਪੁਲਿਸ ਵੱਲੋਂ ਨਾਜਾਇਜ਼ ਢੰਗ ਨਾਲ ਸ਼ਰਾਬ ਦਾ ਭੰਡਾਰ ਕਰਨ ਤੇ ਵੇਚਣ ਵਾਲਿਆਂ ਖ਼ਿਲਾਫ਼ ਸਰਚ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ। ਐੱਸਐੱਚਓ ਨੇ ਫਗਵਾੜਾ ਵਾਸੀਆਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਵੀ ਨਸ਼ਾ ਸਮੱਗਲਰ ਜਾਂ ਨਸ਼ਾ ਵੇਚਣ ਵਾਲਿਆਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।