ਅਮਰ ਪਾਸੀ, ਫਗਵਾੜਾ : ਸਿਹਤ ਵਿਭਾਗ ਵਲੋਂ ਪੋਲੀਓ ਜਿਹੀ ਨਾਮੁਰਾਦ ਬਿਮਾਰੀ ਨੂੰ ਜੜ੍ਹ ਤੋਂ ਮਿਟਾਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਸਿਵਲ ਹਸਪਤਾਲ ਫਗਵਾੜਾ ਵਿਖੇ ਸਿਵਲ ਸਰਜਨ ਕਪੂਰਥਲਾ ਦੇ ਨਿਰਦੇਸ਼ਾ ਤਹਿਤ ਐੱਸਐੱਮਓ ਕਮਲ ਕਿਸ਼ੋਰ ਦੀ ਅਗਵਾਈ ਹੇਠ 0 ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਇਸ ਮੌਕੇ ਕਰਵਾਏ ਸਮਾਗਮ ਦਾ ਸ਼ੁੱਭ ਆਰੰਭ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਵਿਧਾਇਕ ਨੇ ਆਪਣੇ ਕਰ-ਕਮਲਾਂ ਨਾਲ ਛੋਟੇ ਬੱਚਿਆਂ ਨੂੰ ਪੋਲੀਓ ਬੰੂਦਾਂ ਪਿਲਾਈਆਂ। ਵਿਸ਼ੇਸ਼ ਤੌਰ 'ਤੇ ਸਿਵਲ ਹਸਪਤਾਲ ਪੱੁਜੇ ਵਿਧਾਇਕ ਬੀਐੱਸ ਧਾਲੀਵਾਲ ਨੂੰ ਡਾ. ਕੈਲਾਸ਼ ਕਪੂਰ ਵਲੋਂ ਫੱੁਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆ ਆਖਿਆ ਗਿਆ। ਆਪਣੇ ਸੰਬੋਧਨ ਵਿਚ ਵਿਧਾਇਕ ਬੀਐੱਸ ਧਾਲੀਵਾਲ ਨੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਪੋਲੀਓ ਜਿਹੀ ਨਾਮੁਰਾਦ ਬਿਮਾਰੀ ਨੂੰ ਜੜ ਤੋਂ ਖਤਮ ਕਰਨਾ ਹੀ ਸਰਕਾਰ ਦਾ ਮੁੱਖ ਮਕਸਦ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦਾ ਬੱਚਾ ਕਿਸੇ ਕਾਰਨ ਕਰਕੇ ਪੋਲੀਓ ਦੀਆਂ ਬੁੰਦਾਂ ਪੀਣ ਤੋਂ ਵਾਂਝਾ ਰਹਿ ਗਿਆ ਹੈ ਤਾਂ ਸਿਵਲ ਹਸਪਤਾਲ ਵਿਖੇ ਆ ਕੇ ਜਾਂ ਫਿਰ ਉਨ੍ਹਾਂ ਦੇ ਨਜਦੀਕ ਲੱਗੇ ਬੂਥਾਂ 'ਤੇ ਜਾ ਕੇ ਦਵਾਈ ਪਿਲਾ ਸਕਦੇ ਹਨ। ਸਿਵਲ ਹਸਪਤਾਲ ਦੇ ਐੱਸਐੱਮਓ ਕਮਲ ਕਿਸ਼ੋਰ ਨੇ ਆਖਿਆ ਕਿ ਫਗਵਾੜਾ ਸਬ-ਡਵੀਜ਼ਨ ਵਿਚ ਵੱਖ-ਵੱਖ ਥਾਵਾਂ 'ਤੇ ਪੋਲੀਓ ਬੂਥ ਲਗਾਏ ਗਏ ਹਨ। ਜਿਥੇ ਇਹ ਦਵਾਈ ਬੱਚਿਆਂ ਨੂੰ ਪਿਲਾਈ ਜਾਵੇਗੀ। ਇਹ ਮੁਹਿੰਮ ਲਗਾਤਾਰ ਤਿੰਨ ਦਿਨ ਚੱਲੇਗੀ। ਜਿਸਦੇ ਤਹਿਤ ਘਰ-ਘਰ ਜਾ ਕੇ ਟੀਮਾਂ ਦਵਾਈ ਪਿਲਾਉਣਗੀਆਂ।