ਅਮਨਜੋਤ ਸਿੰਘ ਵਾਲੀਆ, ਕਪੂਰਥਲਾ : ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਤਿੰਨ ਦਿਨ੍ਹਾਂ ਮਾਈਗ੍ਰੇਟਰੀ ਪਲਸ ਪੋਲੀੳ ਮੁਹਿੰਮ ਅੱਜ ਸ਼ੁਰੂ ਹੋ ਗਈ। ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ ਨੇ ਦੱਸਿਆ ਕਿ 15 ਸਤੰਬਰ ਤੋਂ 17 ਸਤੰਬਰ ਤੱਕ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਪ੍ਰਵਾਸੀ ਮਜਦੂਰਾਂ ਦੇ 0 ਤੋਂ 5 ਸਾਲ ਦੇ 16454 ਬੱਚਿਆਂ ਨੂੰ ਪੋਲੀਉਰੋਧੀ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਤੇ ਅੱਜ ਪਹਿਲੇ ਦਿਨ 7841 ਬੱਚਿਆਂ ਨੂੰ ਪੋਲੀਓ ਰੋਧੀ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਭਾਵੇ ਭਾਰਤ ਵਿੱਚੋਂ ਪੋਲੀੳ ਖਤਮ ਹੋ ਚੱੁਕਾ ਹੈ ਪਰ ਗੁਆਂਢੀ ਰਾਜਾਂ ਪਾਕਿਸਤਾਨ, ਅਫਗਾਨੀਸਤਾਨ, ਨਾਈਜੀਰੀਆ ਤੋਂ ਇਸ ਦੇ ਵਾਇਰਸ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਟਾਫ ਨੂੰ ਨਿਰਦੇਸ਼ ਹਨ ਕਿ ਪ੍ਰਵਾਸੀ ਮਜ਼ਦੂਰ ਦਾ ਕੋਈ ਵੀ ਬੱਚਾ ਇਸ ਮੁਹਿੰਮ ਦੌਰਾਨ ਪਲਸ ਪੋਲੀਓ ਦੀਆਂ ਬੂੰਦਾਂ ਪੀਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਆਸ਼ਾ ਮਾਂਗਟ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ 8 ਰੇਲਵੇ ਸਟੇਸ਼ਨ, 10 ਬੱਸ ਅੱਡੇ, 61 ਭੱਠੇ, 164 ਝੂਗੀਆਂ ਅਤੇ ਕੱੁਲ 359 ਹਾਈ ਰਿਸਕ ਏਰੀਆ ਨੂੰ ਕਵਰ ਕੀਤਾ ਜਾਏਗਾ। ਡਾ. ਆਸ਼ਾ ਮਾਂਗਟ ਨੇ ਇਹ ਵੀ ਦੱਸਿਆ ਕਿ ਟੀਮਾਂ ਨੂੰ ਵਿਸ਼ੇਸ਼ ਹਦਾਇਤਾਂ ਹਨ ਕਿ ਹਾਈ ਰਿਸਕ ਏਰੀਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਏ ਤਾਂ ਕਿ 0-5 ਸਾਲ ਦਾ ਹਰ ਬੱਚਾ ਇਨ੍ਹਾਂ ਬੂੰਦਾਂ ਨੂੰ ਪੀ ਸਕੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਲਈ 197 ਮੋਬਾਈਲ ਟੀਮਾਂ ਤੇ ਕੁੱਲ 394 ਟੀਮ ਮੈਂਬਰ ਲਗਾਏ ਗਏ ਹਨ।