ਸੁਖਪਾਲ ਸਿੰਘ ਹੁੰਦਲ, ਹੁਸੈਨਪੁਰ : ਰੇਲ ਕੋਚ ਫੈਕਟਰੀ ਕਪੂਰਥਲਾ 'ਚ ਵਾਤਾਵਰਨ ਨੂੰ ਹਰਾ-ਭਰਾ ਰੱਖਣ ਦੇ ਮੰਤਵ ਨਾਲ ਕੰਗ ਨਰਸਰੀ ਦੀ ਸਥਾਪਨਾ ਕੀਤੀ ਗਈ ਹੈ। ਇਹ ਨਰਸਰੀ ਆਰਸੀਐੱਫ ਦੇ ਪਹਿਲੇ ਮਹਾਂ ਪ੍ਰਬੰਧਕ ਜੀਐੱਸ ਕੰਗ ਦੇ ਨਾਂ 'ਤੇ ਸਥਾਪਿਤ ਕੀਤੀ ਗਈ ਹੈ ਜੋ ਕਿ ਬਹੁਤ ਵੱਡੇ ਵਾਤਾਵਰਨ ਪ੍ਰਰੇਮੀ ਸਨ। ਸ਼ਨਿਚਰਵਾਰ ਨੂੰ ਇਸ ਨਰਸਰੀ ਦਾ ਉਦਘਾਟਨ ਆਰਸੀਐੱਫ ਦੇ ਮਹਾਂ ਪ੍ਰਬੰਧਕ ਰਵਿੰਦਰ ਗੁਪਤਾ ਨੇ ਕੀਤਾ। ਬੂਟੇ ਲਾਉਣ ਦੀ ਸ਼ੁਰੂਆਤ ਆਰਸੀਐੱਫ ਦੇ ਸੀਨੀਅਰ ਟੈਕਨੀਸ਼ੀਅਨ ਗੁਰਮੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਵੱਲੋਂ ਕੀਤੀ ਗਈ ਤੇ ਮਹਾਂ ਪ੍ਰਬੰਧਕ ਤੇ ਉੱਥੇ ਹਾਜ਼ਰ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਬੂਟੇ ਲਗਾਏ। ਵਿਸ਼ੇਸ਼ ਤੌਰ 'ਤੇ ਸੱਦੇ ਗਏ ਮੀਡੀਆਂ ਕਰਮਚਾਰੀਆਂ ਨੇ ਵੀ ਬੂਟੇ ਲਗਾਉਣ ਵਿੱਚ ਆਪਣਾ ਯੋਗਦਾਨ ਦਿੱਤਾ। ਜੋ ਬੂਟੇ ਲਗਾਏ ਗਏ ਹਨ, ਉਨ੍ਹਾਂ ਵਿੱਚ ਚੰਦਨ, ਆਂਵਲਾ ਅਤੇ ਟੀਕ ਦੇ 50-50 ਬੂਟੇ ਲਗਾਏ ਗਏ। ਗੁਪਤਾ ਨੇ ਕਿਹਾ ਕਿ ਇਸ ਨਰਸਰੀ ਵਿੱਚ ਮੌਸਮ ਦੇ ਅਨੁਸਾਰ ਫੁੱਲਾਂ ਵਾਲੇ ਬੂਟੇ ਅਤੇ ਫਲਦਾਰ ਅਤੇ ਛਾਂ ਵਾਲੇ ਦਰੱਖਤ ਦੇ ਬੂਟਿਆਂ ਦੀ ਪਨੀਰੀ ਤਿਆਰ ਕੀਤੀ ਜਾਵੇਗੀ ਜਿਸ ਨੂੰ ਆਰਸੀਐੱਫ ਵਿੱਚ ਥਾਂ-ਥਾਂ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਰਸੀਐੱਫ ਵਿੱਚ ਇੱਕ ਨਰਸਰੀ ਪਹਿਲਾਂ ਹੀ ਕੰਮ ਕਰ ਰਹੀ ਹੈ ਜਿੱਥੇ ਅਲੱਗ-ਅਲੱਗ ਕਿਸਮਾਂ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ। ਇਸ ਸਮੇਂ ਆਰਸੀਐੱਫ ਦਾ ਕੁੱਲ ਖੇਤਰ 1178 ਏਕੜ ਹੈ ਅਤੇ ਇਸ ਖੇਤਰ ਵਿੱਚ 1,70,000 ਬੂਟੇ ਲਗਾਏ ਗਏ ਹਨ। ਆਰਸੀਐਫ ਦੇ ਕੁਲ ਖੇਤਰ ਦਾ 55% ਭਾਗ ਗ੍ਰੀਨ ਕਵਰ ਹੈ। ਗੁਪਤਾ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਰੁੱਖ ਲਗਾਉਣਾ ਸਮੇਂ ਦੀ ਜ਼ਰੂਰਤ ਹੈ ਅਤੇ ਆਉਣ ਵਾਲੇ ਸਮੇਂ ਵਿਚ ਆਰਸੀਐੱਫ ਵਿੱਚ ਇੱਕ ਲੱਖ ਬੂਟੇ ਲਗਾਏ ਜਾਣਗੇ। ਇਨ੍ਹਾਂ ਵਿੱਚੋਂ 20 ਫ਼ੀਸਦੀ ਫਲਦਾਰ ਰੁੱਖ ਹੋਣਗੇ।