ਵਿਜੇ ਸੋਨੀ, ਫਗਵਾੜਾ

ਲੋਕ ਇਨਸਾਫ ਪਾਰਟੀ ਦੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਅਤੇ ਦੋਆਬਾ ਜ਼ੋਨ ਇੰਚਾਰਜ ਜਰਨੈਲ ਨੰਗਲ ਵੱਲੋਂ ਸਿਵਲ ਹਸਪਤਾਲ ਵਿਖੇ ਪੀਣਯੋਗ ਪਾਣੀ ਨਾਲ ਬਿਮਾਰ ਪਏ ਮੁਹੱਲਾ ਸ਼ਿਵਪੁਰੀ ਉਂਕਾਰ ਨਗਰ ਤੇ ਸ਼ਾਮ ਨਗਰ ਦੇ ਮਰੀਜ਼ਾਂ ਦਾ ਹਾਲ-ਚਾਲ ਪੁੱਛਣ ਵਾਸਤੇ ਦੌਰਾ ਕੀਤਾ ਗਿਆ ਜਿੱਥੇ ਮਰੀਜ਼ਾਂ ਨੂੰ ਮਿਲ ਕੇ ਜਰਨੈਲ ਨੰਗਲ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਇਸ ਸਬੰਧੀ ਮੌਕੇ ਡਿਊਟੀ 'ਤੇ ਤਾਇਨਾਤ ਡਾਕਟਰ ਨਾਲ ਵੀ ਗੱਲਬਾਤ ਕਰ ਕੇ ਮਰੀਜ਼ਾਂ ਦੇ ਇਲਾਜ ਸਬੰਧੀ ਤਿਆਰੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

ਜਰਨੈਲ ਨੰਗਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਇਨਾਂ੍ਹ ਮੁਹੱਲਿਆਂ ਵਿਚ ਪਿਛਲੇ ਲੰਬੇ ਸਮੇਂ ਤੋਂ ਸਾਫ ਸੁਥਰੇ ਪੀਣ ਵਾਲੇ ਪਾਣੀ ਦੀ ਸਮੱਸਿਆ ਚੱਲ ਰਹੀ ਹੈ ਜਿਸ ਸਬੰਧੀ ਅਸੀਂ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਹੈ ਪਰ ਉਨ੍ਹਾਂ ਦੀ ਰਾਜਨੀਤਕ ਵਿਰੋਧੀ ਹਮੇਸ਼ਾਂ ਮੇਰੇ ਬਾਰੇ ਇਹ ਗੱਲ ਕਹਿ ਦਿੰਦੇ ਹਨ ਕਿ ਜਰਨੈਲ ਨੰਗਲ ਐਵੇਂ ਹੀ ਮੁੱਦਾ ਬਣਾ ਕੇ ਬੈਠ ਜਾਂਦਾ ਹੈ।

ਅੱਜ ਉਨਾਂ੍ਹ ਲੋਕਾਂ ਵੱਲੋਂ ਮੁਹੱਲਾ ਨਿਵਾਸੀਆਂ ਦੀ ਇਸ ਗੰਭੀਰ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦਾ ਨਤੀਜਾ ਸਾਹਮਣੇ ਆ ਗਿਆ ਹੈ ਉਨਾਂ੍ਹ ਕਿਹਾ ਕਿ ਪਿਛਲੇ ਸਾਲ ਸਾਡੇ ਵੱਲੋਂ ਮੁਹੱਲਾ ਉਂਕਾਰ ਨਗਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਮੰਗ ਨੂੰ ਲੈ ਕੇ ਅੰਦੋਲਨ ਵੀ ਕੀਤਾ ਗਿਆ ਸੀ ਪਰ ਉਸ ਵਕਤ ਪਿਛਲੀ ਅਕਾਲੀ ਭਾਜਪਾ ਸਰਕਾਰ ਅਤੇ ਹੁਣ ਦੀ ਮੌਜੂਦਾ ਸਰਕਾਰ ਦੇ ਨਾਲ ਸਬੰਧਤ ਲੋਕਾਂ ਵੱਲੋਂ ਆਪਸੀ ਲੜਾਈ ਰੰਜਿਸ਼ ਕਾਰਨ ਮੁਹੱਲਾ ਨਿਵਾਸੀਆਂ ਦੀ ਪਾਣੀ ਦੀ ਸਮੱਸਿਆ ਨੂੰ ਲਟਕਦਿਆਂ ਰਹਿਣ ਦਿੱਤਾ ਗਿਆ, ਜਿਸ ਕਾਰਨ ਅੱਜ ਤਕ ਮੁਹੱਲਾ ਨਿਵਾਸੀਆਂ ਨੂੰ ਸਾਫ ਪੀਣਯੋਗ ਪਾਣੀ ਨਸੀਬ ਨਹੀਂ ਹੋਇਆ। ਉਨਾਂ੍ਹ ਦੋਵੇਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਿਹਾ ਕਿ ਤੁਸੀਂ ਆਪਸੀ ਰੰਜਿਸ਼ ਨੂੰ ਛੱਡ ਕੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਿਚ ਸਹੀ ਰੋਲ ਅਦਾ ਕਰੋ ਤਾਂ ਜੋ ਲੋਕਾਂ ਦੀ ਜਾਨ ਬਚ ਸਕੇ। ਉਨਾਂ੍ਹ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਜਲਦ ਤੋਂ ਜਲਦ ਲੋਕਾਂ ਦੇ ਸਾਫ ਪੀਣਯੋਗ ਪਾਣੀ ਦੀ ਸਮੱਸਿਆ ਹੱਲ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਅੰਦੋਲਨ ਕਰਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਰ ਗੁਪਤਾ, ਡਾ. ਰਮੇਸ਼, ਬਨਾਰਸੀ ਦਾਸ, ਸ਼ਾਮ ਸੁੰਦਰ, ਸ਼ਸ਼ੀ ਬੰਗੜ, ਰਾਕੇਸ਼ ਕੁਮਾਰ, ਮਨੂੰ ਬਾਘਾ ਆਦਿ ਹੋਰ ਵੀ ਸਾਥੀ ਹਾਜ਼ਰ ਸਨ।