ਹਰੀਸ਼ ਭੰਡਾਰੀ, ਫਗਵਾੜਾ : ਪਿੰਡ ਨਾਨਕ ਨਗਰੀ ਤੋਂ ਮਹੇੜੂ ਨੂੰ ਜਾਣ ਵਾਲੀ ਸੜਕ ਦੀ ਹਾਲਤ ਮਹੇੜੂ ਕਾਲੋਨੀ ਤਕ ਬਹੁਤ ਹੀ ਤਰਸਯੋਗ ਹੈ। ਇਸ ਕਾਰਨ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਇੱਥੋਂ ਲੰਘਣ ਸਮੇਂ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਨਾਨਕ ਨਗਰੀ ਦੇ ਸਰਪੰਚ ਪੁਰਸ਼ੋਤਮ ਲਾਲ, ਮੈਂਬਰ ਪੰਚਾਇਤ ਰਾਮ ਲੁਭਾਇਆ, ਮੱਖਣ ਲਾਲ, ਅਜੇ ਚੌਧਰੀ ਅਤੇ ਅਰਸ਼ਦੀਪ ਨੇ ਦੱਸਿਆ ਕਿ ਇਹ ਕਰੀਬ 200 ਮੀਟਰ ਸੜਕ ਦਾ ਟੋਟਾ ਕਾਫੀ ਲੰਬੇ ਸਮੇਂ ਤੋਂ ਤਰਸਯੋਗ ਹਾਲਤ ਵਿਚ ਹੈ, ਜਿਸ ਦੇ ਨੇੜੇ ਸਰਕਾਰੀ ਪ੍ਾਇਮਰੀ ਸਕੂਲ ਨਾਨਕ ਨਗਰੀ, ਬੈਂਕ ਅਤੇ ਪੀਜੀ ਆਦਿ ਹਨ। ਇਸ ਕਾਰਨ ਇਹ ਸੜਕ ਆਵਾਜਾਈ ਦੇ ਲਿਹਾਜ ਨਾਲ ਕਾਫੀ ਬਿਜ਼ੀ ਰਹਿੰਦੀ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਸੜਕ 'ਤੇ ਕਈ-ਕਈ ਫੁੱਟ ਪਾਣੀ ਭਰ ਜਾਂਦਾ ਹੈ। ਇਸ ਕਾਰਨ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਦਾ ਇਸ ਸੜਕ ਤੋਂ ਲੰਘਣਾ ਅੌਖਾ ਹੋ ਜਾਂਦਾ ਹੈ। ਸੜਕ ਵਿਚਕਾਰ ਟੋਏ ਵੀ ਹਨ ਜੋ ਹਮੇਸ਼ਾ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਸਬੰਧਤ ਮਹਿਕਮੇ ਨੂੰ ਜਾਣੂ ਕਰਵਾਇਆ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਪੰਜਾਬ ਸਰਕਾਰ ਅਤੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਪਹਿਲ ਦੇ ਅਧਾਰ 'ਤੇ ਬਣਵਾਇਆ ਜਾਵੇ। ਇਸ ਮੌਕੇ ਰਣਜੀਤ ਸਿੰਘ, ਕੁਲਵਿੰਦਰ ਕੁਮਾਰ, ਡਾ. ਪੀਟਰ, ਕੇਕੇ ਗਰੋਵਰ, ਮਨਪ੍ਰੀਤ, ਸੰਤੋਖ ਰਾਜ, ਅਜੇ ਕੁਮਾਰ ਆਦਿ ਹਾਜ਼ਰ ਸਨ।