- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰਮੀ ਨਾਲ ਹਾਲੋ ਬੇਹਾਲ ਲੋਕ ,ਤਾਪਮਾਨ 45 ਡਿਗਰੀ ਪੁੱਜਾ

ਬਾਜ਼ਾਰਾਂ ਵਿੱਚ ਰੌਣਕਾਂ ਗਾਇਬ, ਪਸ਼ੂ ਪੰਛੀ ਵੀ ਗਰਮੀ ਦੀ ਮਾਰ ਹੇਠਾਂ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਅੱਤ ਦੀ ਗਰਮੀ ਲਗਾਤਾਰ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ਜੋ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਗੰਭੀਰ ਹੋ ਸਕਦੀ ਹੈ, ਜਿਸ ਦੇ ਮੱਦੇਨਜ਼ਰ ਮੌਸਮ ਵਿਭਾਗ ਦੇ ਮਾਹਰਾਂ ਨੇ ਮੌਸਮ ਦਾ ਰੈਡ ਤੇ ਔਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਹੈ। ਅੱਗ ਵਾਂਗ ਚਮਕ ਰਹੀ ਤੇਜ਼ ਧੁੱਪ ਕਾਰਨ ਸੜਕਾਂ ’ਤੇ ਚੱਲਣ ਵਾਲੇ ਰਾਹਗੀਰ ਮੂੰਹ ਢੱਕ ਕੇ ਚਲਦੇ ਦਿਖਾਈ ਦਿੱਤੇ। ਆਮ ਜਨ ਜੀਵਨ ਦੇ ਨਾਲ-ਨਾਲ ਪਸ਼ੂ-ਪੰਛੀ ਵੀ ਗਰਮੀ ਦੀ ਮਾਰ ਝੱਲ ਰਹੇ ਹਨ। ਵੇਰਵਿਆਂ ਮੁਤਾਬਕ ਪੂਰਾ ਪੰਜਾਬ ਜੂਨ ਮਹੀਨੇ ਦੀ ਗਰਮੀ ਕਾਰਨ ਭੱਠ ਵਾਂਗੂੰ ਤਪਿਆ ਪਿਆ ਹੈ। ਕੀ ਨਿਆਣੇ, ਕੀ ਸਿਆਣੇ ਸਭ ਨੂੰ ਗਰਮੀ ਨੇ ਸਤਾ ਰੱਖਿਆ ਹੈ। ਮਰੀਜ਼ਾਂ ਲਈ ਤਾਂ ਇਹ ਮੌਸਮ ਬਹੁਤ ਕਸ਼ਟਦਾਇਕ ਸਾਬਤ ਹੋ ਰਿਹਾ ਹੈ। ਗਰਮੀ ਕਾਰਨ ਬਾਜ਼ਾਰਾਂ ’ਚੋਂ ਵੀ ਰੌਣਕ ਖੁਸ ਗਈ ਹੈ। ਬਾਜ਼ਾਰਾਂ ਵਿਚ ਸਬਜ਼ੀਆਂ ਤੇ ਫਲ ਆਦਿ ਵੇਚਣ ਵਾਲਿਆਂ ਵੱਲੋਂ ਲਗਾਤਾਰ ਪਾਣੀ ਦਾ ਛਿੜਕਾ ਕਰਕੇ ਸਬਜ਼ੀਆਂ ਨੂੰ ਤਾਜ਼ਾ ਬਣਾਈ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਤੇਜ਼ ਧੁੱਪ ਕਾਰਨ ਕੋਸ਼ਿਸ਼ਾਂ ਅਸਫਲ ਹੋ ਰਹੀਆਂ ਹਨ। ਪਾਵਨ ਨਗਰੀ ਸੁਲਤਾਨਪੁਰ ਲੋਧੀ ਤੇ ਇਸ ਦੇ ਨਾਲ ਇਲਾਕਿਆਂ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਦਰਜ ਕੀਤਾ ਗਿਆ, ਜਿਸ ਕਾਰਨ ਪੂਰੀ ਪਾਵਨ ਨਗਰੀ ਤੰਦੂਰ ਵਾਂਗ ਸਾਰਾ ਦਿਨ ਤਪਦੀ ਰਹੀ। ਮੌਸਮ ਵਿਭਾਗ ਵੱਲੋਂ 47 ਡਿਗਰੀ ਦੇ ਤਾਪਮਾਨ ਦੀ ਭਵਿੱਖਬਾਣੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ। ਲਗਾਤਾਰ ਵੱਧ ਰਹੀ ਗਰਮੀ ਤੋਂ ਬਾਅਦ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਬਾਜ਼ਾਰਾਂ ਵਿਚ ਸਨਾਟਾ ਪਸਰਿਆ ਦਿਖਾਈ ਦਿੱਤਾ ਤੇ ਦੁਕਾਨਦਾਰ ਵਿਹਲੇ ਬੈਠੇ ਦਿਖਾਈ ਦਿੱਤੇ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲਗਾਤਾਰ ਵਧ ਰਹੀ ਗਰਮੀ ਕਾਰਨ ਦੁਕਾਨਦਾਰਾਂ ’ਤੇ ਆਰਥਿਕ ਬੋਝ ਪਵੇਗਾ। ਇਸ ਵੇਲੇ ਭਿਆਨਕ ਗਰਮੀ ਪੈਣ ਕਾਰਨ ਲੋਕ ਹਾਲੋਂ-ਬੇਹਾਲ ਦਿਖਾਈ ਦੇ ਰਹੇ ਹਨ।
ਗਰਮੀ ’ਚ ਕੁਝ ਸਾਵਧਾਨੀਆਂ ਵਰਤੀਆਂ ਜਾਣ : ਡਾ ਅਮਨਪ੍ਰੀਤ ਸਿੰਘ
ਗਰਮੀ ਦੇ ਸਬੰਧ ’ਚ ਅਮਨਪ੍ਰੀਤ ਸਪੈਸ਼ਲਿਟੀ ਹਸਪਤਾਲ ਦੇ ਐੱਮਡੀ ਡਾਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਲੂ ਲੱਗਣ ਦੇ ਕਈ ਲੱਛਣ ਹੁੰਦੇ ਹਨ ਪਰ ਸਰੀਰ ਦਾ ਤਾਪਮਾਨ 40 ਡਿਗਰੀ ਤੋਂ ਉੱਪਰ ਜਾਣ ’ਤੇ ਸਾਵਧਾਨੀ ਵਰਤਣੀ ਚਾਹੀਦੀ ਹੈ। ਚਮੜੀ ਲਾਲ ਤੇ ਖੁਸ਼ਕ ਹੋ ਜਾਂਦੀ ਹੈ। ਗੰਭੀਰ ਸਿਰ ਦਰਦ, ਸਾਹ ਲੈਣ ਵਿਚ ਮੁਸ਼ਕਲ, ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਕੜਵਲ ਤੇ ਉਲਟੀਆਂ ਆਉਣਾ ਆਮ ਲੱਛਣ ਹਨ। ਉਨ੍ਹਾਂ ਕਿਹਾ ਕਿ ਧੁੱਪ ਵਿਚ ਬਾਹਰ ਜਾਣ ਤੋਂ ਬਚੋ ਬਹੁਤ ਜ਼ਿਆਦਾ ਗਰਮੀ ਵਿਚ ਸਵੇਰੇ 11 ਤੋਂ ਸ਼ਾਮ 4 ਵਜੇ ਦੌਰਾਨ ਘਰ ਦੇ ਅੰਦਰ ਹੀ ਰਹੋ। ਜੇ ਬਾਹਰ ਜਾਣਾ ਹੈ ਤਾਂ ਹਲਕੇ ਰੰਗ ਦੇ ਢਿੱਲੇ ਕੱਪੜੇ ਪਾਓ ਤੇ ਸਿਰ ’ਤੇ ਟੋਪੀ ਕੱਪੜਾ ਜਾਂ ਛਤਰੀ ਨਾਲ ਰੱਖੋ। ਉਨ੍ਹਾਂ ਕਿਹਾ ਕਿ ਬਜ਼ੁਰਗਾਂ, ਬੱਚਿਆਂ ਤੇ ਪਹਿਲਾਂ ਤੋਂ ਸਿਹਤ ਸਮੱਸਿਆਵਾਂ ਵਾਲੇ ਵਿਅਕਤੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਜ਼ਿਆਦਾ ਗਰਮੀ ਦੌਰਾਨ ਬਾਹਰੀ ਗਤੀਵਿਧੀਆਂ ਤੇ ਕਸਰਤ ਤੋਂ ਪਰਹੇਜ਼ ਕਰੋ। ਜ਼ਰੂਰੀ ਕੰਮ ਲਈ ਘਰੋਂ ਬਾਹਰ ਜਾਣ ਮੌਕੇ ਪਾਣੀ ਜਾਂ ਓਆਰਐੱਸ ਦਾ ਘੋਲ ਨਾਲ ਰੱਖਿਆ ਜਾਵੇ ਤੇ ਬਾਹਰ ਦੇ ਖਾਣੇ ਤੋਂ ਪਰਹੇਜ਼ ਕੀਤਾ ਜਾਵੇ।