ਪੈਨਸ਼ਨਰਜ਼ ਐਸੋਸੀਏਸ਼ਨ ਨੇ ਮੀਟਿੰਗ ’ਚ ਕੀਤੀਆਂ ਵਿਚਾਰਾਂ
ਪੈਨਸ਼ਨਰਜ ਅਸੋਸੀਏਸ਼ਨ (ਪਾਵਰਕਾਮ ਅਤੇ ਟਰਾਂਸ਼ਕੋ) ਦੀ ਮੀਟਿੰਗ ਹੋਈ
Publish Date: Tue, 02 Dec 2025 10:19 PM (IST)
Updated Date: Tue, 02 Dec 2025 10:20 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੈਨਸ਼ਨਰਜ਼ ਅਸੋਸੀਏਸ਼ਨ (ਪਾਵਰਕਾਮ ਅਤੇ ਟਰਾਂਸ਼ਕੋ) ਸਰਕਲ ਕਪੂਰਥਲਾ ਦੀ ਮੀਟਿੰਗ ਸਰਕਲ ਪ੍ਰਧਾਨ ਮੁਹੰਮਦ ਯੂਨਸ ਅਨਸਾਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਪ੍ਰੈੱਸ ਨੂੰ ਸਾਂਝਾ ਬਿਆਨ ਜਾਰੀ ਕਰਦੇ ਹੋਏ ਅਨਸਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ 2025 ਜੋ ਸੂਬਿਆਂ ਤੋਂ ਰਾਏ ਲੈਣ ਲਈ ਭੇਜਿਆ ਗਿਆ ਹੈ, ਇਹ ਬਿੱਲ ਪੰਜਾਬ ਦੇ ਆਮ ਲੋਕਾਂ, ਖਪਤਕਾਰਾਂ, ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹਿੱਤ ਵਿਚ ਨਹੀਂ ਹੈ ਅਤੇ ਆਉਣ ਵਾਲੇ ਸਮੇਂ ’ਚ ਬਹੁਤ ਹੀ ਘਾਤਕ ਸਿੱਧ ਹੋਵੇਗਾ। ਇਸ ਨਾਲ ਜਿਥੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਨੂੰ ਵੱਡਾ ਖੋਰਾ ਲਗਾਵੇਗਾ, ਉਥੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੀ ਜਾ ਰਹੀ ਲੁੱਟ ਲਈ ਰਾਹ ਪੱਧਰਾ ਕਰੇਗਾ, ਕਿਉਂਕਿ ਇਸ ਬਿੱਲ ਵਿਚ ਪ੍ਰਾਈਵੇਟ ਕੰਪਨੀਆਂ ਨੂੰ ਜੈਨਰੇਸ਼ਨ ਨਾਲ਼ ਪੈਦਾ ਕੀਤੀ ਬਿਜਲੀ ਆਪਣੇ ਢੰਗ ਨਾਲ ਖਪਤਕਾਰਾਂ ਨੂੰ ਵੇਚੇਗੀ ਤੇ ਫਿਰ ਉਸ ਨਾਲ ਸਬਸਿਡੀਆਂ ਵੀ ਖ਼ਤਮ ਹੋ ਜਾਣਗੀਆਂ। ਖਪਤਕਾਰਾਂ ਨੂੰ ਬਿਜਲੀ ਮਹਿੰਗੇ ਰੇਟ ਤੇ ਮਿਲੇਗੀ। ਦੂਜੇ ਪਾਸੇ ਪੰਜਾਬ ਸਰਕਾਰ ਜੋ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਅਤੇ ਬਦਲਾਅ ਦੇ ਨਾਂ ’ਤੇ ਸੱਤਾ ਵਿਚ ਆਈ ਹੈ ਉਸ ਨੇ ਤਾਂ ਹੱਦ ਹੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖਜ਼ਾਨਾ ਭਰਿਆ ਦਾ ਢਿੰਡੋਰਾ ਪਿੱਟਦੀ ਹੋਈ ਨੇ ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਵੀ ਭਾਰੀ ਕਰ ਦਿੱਤੀ ਹੈ। ਹੁਣ 2027 ਵਿਚ ਦੁਬਾਰਾ ਸੱਤਾ ਵਿਚ ਆਉਣ ਲਈ ਸਰਕਾਰੀ ਵਿਭਾਗਾਂ ਦੀਆਂ ਜ਼ਮੀਨਾਂ ਵੇਚਣੀਆਂ ਸੁਰੂ ਕਰ ਦਿੱਤੀਆਂ ਹਨ, ਜਿਸ ਵਿਚ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਦਾ ਫੈਸਲਾ ਕਰ ਲਿਆ ਹੈ। ਪੰਜਾਬ ਸਰਕਾਰ ਦੇ ਇਸ ਲੋਕ ਵਿਰੋਧੀ ਫੈਸਲੇ ਦੀ ਪੈਨਸ਼ਨਰ ਐਸੋਸੀਏਸ਼ਨ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ 26 ਨਵੰਬਰ 2025 ਨੂੰ ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਉਪਰੋਕਤ ਕੇਂਦਰ ਅਤੇ ਪੰਜਾਬ ਸਰਕਾਰ ਦੇ ਫੈਸਲਿਆਂ ਖਿਲਾਫ ਧਰਨੇ ਮੁਜ਼ਾਹਰੇ ਕਰ ਰਹੇ ਹਨ, ਪੈਨਸ਼ਨਰ ਐਸੋਸੀਏਸ਼ਨ ਉਸ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰੇਗੀ। ਪਨਬਸ, ਰੋਡਵੇਜ਼ ਅਤੇ ਪੀਆਰਟੀਸੀ ਦੇ ਸੰਘਰਸ਼ ਕਰਦੇ ਕੱਚੇ ਮੁਲਾਜ਼ਮਾਂ ’ਤੇ ਕੀਤੇ ਤਸ਼ੱਦਦ ਅਤੇ ਗ੍ਰਿਫਤਾਰੀਆਂ ਦੀ ਵੀ ਪਾਵਰਕਾਮ ਐਸੋਸੀਏਸ਼ਨ ਵੱਲੋਂ ਪੁਰਜ਼ੋਰ ਸਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ। ਮੀਟਿੰਗ ਵਿਚ ਪਿਆਰਾ ਸਿੰਘ ਚੰਦੀ ਸਰਕਲ ਸਕੱਤਰ, ਸਵਿੰਦਰ ਸਿੰਘ ਬੁਟਾਰੀ ਵਿੱਤ ਸਕੱਤਰ, ਜਗਮੋਹਨ ਸਿੰਘ ਸੀਨੀ. ਮੀਤ ਪ੍ਰਧਾਨ, ਸਰੂਪ ਸਿੰਘ ਰਾਣਾ, ਸੰਤੋਖ ਨਾਹਲ, ਗੁਰਬਚਨ ਚੰਦ, ਮੁਖਤਾਰ ਸਿੰਘ ਖਿੰਡਾ ਅਤੇ ਰੇਸ਼ਮ ਲਾਲ, ਗੁਰਨਾਮ ਸਿੰਘ ਔਜਲਾ, ਹਰਪਾਲ ਸਿੰਘ, ਜਸਵੰਤ ਰਾਏ, ਗੋਪਾਲ ਕ੍ਰਿਸ਼ਨ ਗੱਟੀ ਤੇ ਬਲਦੇਵ ਰਾਜ ਅਤੇ ਹੋਰ ਆਗੂ ਮੌਜੂਦ ਸਨ। ਕੈਪਸ਼ਨ : 2ਕੇਪੀਟੀ3