ਵਿਜੇ ਸੋਨੀ, ਫਗਵਾੜਾ : ਪੰਚਾਇਤ ਯੂਨੀਅਨ ਬਲਾਕ ਫਗਵਾੜਾ ਨੇ ਇੱਕ ਮੰਗ-ਪੱਤਰ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਦੇ ਨਾਂ ਸਥਾਨਕ ਐੱਸਡੀਐੱਮ ਫਗਵਾੜਾ ਨੂੰ ਦਿੱਤਾ।

ਇਸ ਮੌਕੇ ਪ੍ਰਧਾਨ ਗੁਲਜਾਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਚੰਦੀ ਅਤੇ ਯੂਨੀਅਨ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਕਾਲਾ ਅਠੌਲੀ ਨੇ ਦੱਸਿਆ ਕਿ ਇਸ ਮੰਗ-ਪੱਤਰ ਰਾਹੀਂ ਬਲਾਕ ਫਗਵਾੜਾ ਅਧੀਨ ਆਉਂਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ-ਆਪਣੇ ਪਿੰਡਾਂ ਦਾ ਵਿਕਾਸ ਕਰਵਾਉਣ ਵਿਚ ਸਬੰਧਤ ਵਿਭਾਗ ਵੱਲੋਂ ਪੂਰਨ ਸਹਿਯੋਗ ਨਾ ਮਿਲਣ ਕਾਰਨ ਤੇ ਬੀਡੀਪੀਓ ਦੀ ਰੈਗੂਲਰੀ ਤਾਇਨਾਤੀ ਨਾ ਹੋਣ ਦੇ ਚੱਲਦਿਆਂ ਆ ਰਹੀਆਂ ਮੁਸ਼ਕਲਾਂ ਦਾ ਮੁਕੰਮਲ ਤੌਰ 'ਤੇ ਹੱਲ ਕੱਢਣ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਬਲਾਕ ਫਗਵਾੜਾ ਅਧੀਨ ਆਉਂਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੀਡੀਪੀਓ ਦੀ ਪੱਕੀ ਤਾਇਨਾਤੀ ਨਾ ਹੋਣ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ਲਈ ਭਾਰੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗ-ਪੱਤਰ ਵਿਚ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਫਰਮਾਂ ਕੋਲੋਂ ਪੰਚਾਇਤਾਂ ਨੇ ਮਟੀਰੀਅਲ ਆਦਿ ਖ਼ਰੀਦਿਆ ਹੋਇਆ ਹੈ। ਉਨ੍ਹਾਂ ਦੀਆਂ ਅਦਾਇਗੀਆਂ ਨਾ ਹੋਣ ਕਾਰਨ ਫ਼ਰਮਾਂ ਵਾਲੇ ਪੰਚਾਇਤਾਂ ਤੋਂ ਆਪਣੀ ਰਕਮ ਮੰਗਦੇ ਹਨ ਅਤੇ ਨਾ ਦਿੱਤੇ ਜਾਣ ਦੀ ਸੂਰਤ ਵਿਚ ਮਾਨਸਿਕ ਤੌਰ 'ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਕਿਸੇ ਵੀ ਤਰ੍ਹਾਂ ਦੇ ਕੰਮ ਦਾ ਐਸਟੀਮੇਟ ਸਮੇਂ ਸਿਰ ਨਹੀਂ ਬਣਾਇਆ ਜਾਂਦਾ ਅਤੇ ਨਾ ਹੀ ਸਮੂਹ ਸਰਪੰਚਾਂ ਨੂੰ ਐਸਟੀਮੇਟ ਸਬੰਧੀ ਕੋਈ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਇੱਥੋਂ ਤੱਕ ਕਿ ਐਸਟੀਮੇਟ ਦੀ ਫੋਟੋ ਕਾਪੀ ਵੀ ਸਬੰਧਤ ਸਰਪੰਚ ਨੂੰ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਮਨਰੇਗਾ ਸਕੀਮ ਜੋ ਗਰੀਬਾਂ ਲਈ ਕੇਂਦਰ ਵੱਲੋਂ ਲਾਗੂ ਕੀਤੀ ਗਈ ਹੈ, ਜਿਸ 'ਚ ਵੀ ਮਨਰੇਗਾ ਵਿਭਾਗ ਵੱਲੋਂ ਕਾਫ਼ੀਆਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮਨਰੇਗਾ ਕਾਮਿਆਂ ਨੂੰ ਕੰਮ ਨਹੀਂ ਮਿਲ ਰਿਹਾ। ਇਸ ਮੌਕੇ ਪੰਚਾਇਤ ਯੂਨੀਅਨ ਬਲਾਕ ਫਗਵਾੜਾ ਦੇ ਸਮੂਹ ਅਹੁਦੇਦਾਰਾਂ ਨੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੂੰ ਅਪੀਲ ਕੀਤੀ ਕਿ ਬੀਡੀਪੀਓ ਦਫ਼ਤਰ 'ਚ ਬੀਡੀਪੀਓ ਸਮੇਤ ਖਾਲੀ ਪਈਆਂ 20 ਤੋਂ ਵਧੇਰੇ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਭਰਿਆ ਜਾਵੇ ਤਾਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ 'ਚ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।