ਵਿਜੇ ਸੋਨੀ, ਫਗਵਾੜਾ

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਆਦੇਸ਼ਾਂ ਹੇਠ ਇਨ ਸੀਟੂ ਸਟਰਾਅ ਮੈਨੇਜਮੈਂਟ ਸਕੀਮ ਅਧੀਨ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ. ਸ਼ੁਸ਼ੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਪਿੰਡ ਪਲਾਹੀ ਵਿਖੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਡਾ. ਪਰਮਜੀਤ ਸਿੰਘ ਮਹੇ ਖੇਤੀਬਾੜੀ ਵਿਕਾਸ ਅਫ਼ਸਰ ਫਗਵਾੜਾ ਨੇ ਹਾਜ਼ਰ ਕਿਸਾਨਾਂ ਨੂੰ ਸਬੋਧਨ ਕਰਦਿਆਂ ਆਧੁਨਿਕ ਮਸ਼ੀਨਾਂ ਜਿਵੇਂ ਕਿ ਕੰਬਾਈਨ ਦੇ ਮਗਰ ਸੁਪਰ ਐੱਸਐੱਮਐੱਸ, ਹੈਪੀ ਸੀਡਰ, ਸੁਪਰ ਸੀਡਰ, ਐੱਮਬੀ ਪਲਾਅ, ਚੌਪਰ ਆਦਿ ਦਾ ਵਰਤਣ ਦਾ ਢੰਗ ਤਰੀਕਾ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਦੱਸਿਆ ਕਿ ਸੁਪਰ ਸੀਡਰ ਨੂੰ ਤਰੇਲ ਪਈ ਪਰਾਲੀ ਉੱਪਰ ਨਹੀ ਚਲਾਉਣਾ ਹੈ, ਸਗੋਂ ਜਦੋ ਤਰੇਲ ਸੁੱਕ ਜਾਵੇ ਦਿਨ ਦੇ 11 ਵਜੇ ਤੋਂ ਬਾਅਦ ਇਸ ਦੀ ਵਰਤੋਂ ਜ਼ਿਆਦਾ ਕਾਰਗਰ ਰਹੇਗੀ। ਇਸ ਤਰ੍ਹਾਂ ਹੀ ਕੰਬਾਈਨ ਦੇ ਮਗਰ ਐੱਸਐੱਮਐੱਸ ਲਗਾ ਕੇ ਹੀ ਝੋਨੇ ਦੀ ਕਟਾਈ ਕਰਨੀ ਹੈ। ਕੰਬਾਈਨ ਦੀ ਖੇਤ ਦੇ ਹਿਸਾਬ ਨਾਲ ਅਡਜਸਟਮੈਂਟ ਕਰ ਕੇ ਹੀ ਝੋਨੇ ਦੀ ਕਟਾਈ ਕੀਤੀ ਜਾਵੇ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਪਰਾਲੀ ਨੂੰ ਨਾ ਸਾੜਨ ਦੀ ਸਹਿਮਤੀ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੀਕਵ ਐਪ ਰਾਹੀਂ ਕਿਸਾਨ ਵੀਰ ਆਪਣੇ ਨਜ਼ਦੀਕੀ ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ ਅਤੇ ਗ੍ਰਾਮ ਪੰਚਾਇਤਾਂ ਕੋਲੋਂ ਪਰਾਲੀ ਪ੍ਰਬੰਧਨ ਦੀ ਮਸ਼ੀਨਰੀ ਕਿਰਾਏ 'ਤੇ ਲੈ ਕੇ ਵਰਤ ਸਕਦੇ। ਇਸ ਐਪ ਤੇ ਮਸ਼ੀਨਾਂ ਦੇ ਕਿਰਾਏ ਦੇ ਰੇਟ, ਸੰਪਰਕ ਨੰਬਰ ਅਤੇ ਜਗਾ ਦਾ ਪਤਾ ਲੱਗ ਸਕੇਗਾ। ਇਸ ਤੋਂ ਇਲਾਵਾ ਜ਼ਹਿਰ ਮੁਕਤ ਬਾਸਮਤੀ ਦੀ ਪੈਦਾਵਾਰ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ । ਕਿਸਾਨਾਂ ਨੂੰ ਦੱਸਿਆ ਗਿਆ ਕਿ ਪੈਸਟੀਸਾਈਡ ਜਿਵੇ ਕਿ ਐਸੀਫੇਟ, ਥਾਇਆਮੈਕਸਮ, ਕਾਰਬੈਨਡਾਜਿਮ, ਕਾਰਬੋਫਿਊਰਿਨ, ਪੋ੍ਪੀਕੋਨਾਜੋਲ, ਥਾਇਉਫਿਨੇਟ ਮਿਥਾਇਲ, ਟਰਾਈਸਾਈਕਲਾਜੋਲ ਨੂੰ ਪੂਰਨ ਤੌਰ ਤੇ ਨਾ ਵਰਤਣ ਦੀ ਸਲਾਹ ਦਿੱਤੀ ਗਈ ਅਤੇ ਇਹਨਾ ਜਹਿਰਾ ਨੂੰ ਨਾ ਵਰਤ ਕੇ ਹੀ ਕਿਸਾਨ ਬਾਸਮਤੀ ਦਾ ਵਧੀਆ ਭਾਅ ਲੈ ਸਕਦਾ ਹੈ। ਡਾ: ਪਰਵਸ਼ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਨੇ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਵਾਤਾਵਰਨ ਪ੍ਰਦੂਸ਼ਿਤ ਨਹੀ ਹੁੰਦਾ ਅਤੇ ਖੇਤ ਵਿੱਚ ਮਿੱਤਰ ਕੀੜੇ ਅਤੇ ਸੂਖਮ ਜੀਵਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ। ਪਰਾਲੀ ਖੇਤ ਵਿੱਚ ਮਿਲਾਉਣ ਨਾਲ ਇਸਦੀ ਖਾਦ ਬਣ ਜਾਂਦੀ ਹੈ। ਜਿਸ ਨਾਲ ਜ਼ਮੀਨ ਦੀ ਜੈਵਿਕ ਤਾਕਤ ਵਧਦੀ ਹੈ ਅਤੇ ਰਸਾਇਧਕ ਖਾਦਾਂ ਦੀ ਵਰਤੋਂ ਘਟਦੀ ਹੈ। ਮਾਨਵ ਸੰਸਾਧਨ ਆਯੋਗ ਵਲੋ ਨਵਜੋਤ ਕੌਰ ਨੇ ਆਯੋਗ ਵਲੋ ਲੋਕ ਭਲਾਈ ਵਾਸਤੇ ਕੀਤੇ ਜਾ ਰਿਹੇ ਉਪਰਾਲਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਪੋ੍ਗਰਾਮ ਦੇ ਅੰਤ ਵਿੱਚ ਜੋਗਿੰਦਰਪਾਲ ਸਿੰਘ ਪ੍ਰਧਾਨ ਪਲਾਹੀ ਵਲੋ ਖੇਤੀਬਾੜੀ ਵਿਕਾਸ ਅਫਸਰ ਪਰਮਜੀਤ ਸਿੰਘ ਮਹੇ, ਡਾ: ਪਰਵਸ਼ ਕੁਮਾਰ , ਨਵਜੋਤ ਕੌਰ (ਮਾਨਵ ਸੰਸਾਧਨ ਆਯੋਗ ਐਨ.ਜੀ.ਉ),ਅਤੇ ਹਾਜ਼ਰ ਹੋਰ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਿਸਾਨ ਪਰਮਜੀਤ ਲਾਲ, ਪਰਵਿੰਦਰ ਕੁਮਾਰ, ਲਖਵਿੰਦਰ ਸਿੰਘ, ਅਮਰਜੀਤ ਸਿੰਘ, ਲਖਵੀਰ ਸਿੰਘ, ਮੇਜਰ ਸਿੰਘ, ਸਤਪਾਲ ਸਿੰਘ ਅਤੇ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਸਬ ਇੰਸਪੈਕਟਰ ਸੁਖਵਿੰਦਰ ਸਿੰਘ, ਵਿਕਾਸ ਭਾਟੀਆ, ਉਂਕਾਰ ਬੰਗੜ ਏਟੀਐੱਮ, ਬਲਵੰਤ ਰਾਏ ਜੂਨੀਅਰ ਟੈਕਨੀਸ਼ੀਅਨ ਆਦਿ ਮੌਜੂਦ ਸਨ।