ਰੌਸ਼ਨ ਖੈੜਾ, ਕਪੂਰਥਲਾ

ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵਲੋਂ ਫੌਜੀ ਜਾਬਤਾ ਸੰਘਤਾ ਦੀ ਧਾਰਾ 144 ਤਹਿਤ ਜ਼ਿਲ੍ਹੇ ਦੀ ਹਦੂਦ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਸੁਲਤਾਨਪੁਰ ਲੋਧੀ ਅੰਦਰ 550ਵੇਂ ਪ੍ਰਕਾਸ਼ ਪੁਰਬ ਮੌਕੇ ਪੌਦੇ ਲਾਉਣ ਤੇ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਭਾਰੀ ਗਿਣਤੀ ਵਿਚ ਗਾਵਾਂ, ਮੱਝਾਂ ਲੈ ਕੇ ਸ਼ਹਿਰ ਅੰਦਰ ਦਾਖਲ ਹੋਣ 'ਤੇ ਪਾਬੰਦੀ ਲਾਈ ਗਈ ਹੈ। ਇਹ ਹੁਕਮ 18 ਦਸੰਬਰ 2020 ਤਕ ਲਾਗੂ ਰਹਿਣਗੇ। ਇਸ ਤੋਂ ਇਲਾਵਾ ਗ੍ਹਿ ਮੰਤਰਾਲੇ ਵਲੋਂ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਐਲਾਨ ਕਰਨ ਪਿੱਛੋਂ ਸ਼ਹਿਰ ਦੀ ਧਾਰਮਿਕ ਮਹੱਤਤਾ ਤੇ ਲੋਕਾਂ ਦੀ ਆਸਥਾ ਦੇ ਮੱਦੇਨਜ਼ਰ ਪਵਿੱਤਰ ਸ਼ਹਿਰ ਦੀ ਮਿਊਂਸਪਲ ਕੌਂਸਲ ਦੇ ਅਧਿਕਾਰ ਖੇਤਰ ਅੰਦਰ ਹਰ ਪ੍ਰਕਾਰ ਦੇ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਵਰਤੋਂ 'ਤੇ ਰੋਕ ਲਾਈ ਗਈ ਹੈ। ਇਹ ਹੁਕਮ 21 ਦਸੰਬਰ 2020 ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਧੁੱਸੀ ਬੰਨ੍ਹ ਦੇ ਕੰਢੇ ਉੱਪਰ ਤੂੜੀ ਦੇ ਕੁੱਪ ਤੇ ਪਰਾਲੀ ਦੇ ਢੇਰ ਲਾਉਣ 'ਤੇ ਮੁਕੰਮਲ ਰੋਕ ਲਾਈ ਗਈ ਹੈ। ਜਾਰੀ ਹੁਕਮਾਂ ਅਨੁਸਾਰ ਕੁਝ ਲੋਕਾਂ ਵਲੋਂ ਅਣਅਧਿਕਾਰਤ ਤਰੀਕੇ ਨਾਲ ਧੁੱਸੀ ਬੰਨ੍ਹ ਉੱਪਰ ਤੂੜੀ ਦੇ ਕੁੱਪ ਬੰਨੇ ਜਾਂਦੇ ਹਨ, ਜਿਸ ਨਾਲ ਚੂਹਿਆਂ ਵਲੋਂ ਬੰਨ੍ਹ ਨੂੰ ਕਮਜ਼ੋਰ ਕੀਤਾ ਜਾਂਦਾ ਹੈ, ਜੋ ਕਿ ਮਨੁੱਖੀ ਜਾਨ-ਮਾਲ ਲਈ ਖਤਰਾ ਪੈਦਾ ਹੁੰਦਾ ਹੈ। ਇਹ ਪਾਬੰਦੀ ਦੇ ਹੁਕਮ 17 ਦਸੰਬਰ 2020 ਤਕ ਲਾਗੂ ਰਹਿਣਗੇ। ਇਸ ਤੋਂ ਇਲਾਵਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬੁਧੋਪੂੰਦਰ ਵਿਖੇ ਸਥਿਤ ਆਰਮੀ ਵੱਲੋਂ ਬਣਾਏ ਗਏ ਅਸਲਾ ਭੰਡਾਰ ਦੇ 1200 ਗਜ਼ ਦੇ ਘੇਰੇ 'ਚ ਫ਼ਸਲਾਂ ਦੀ ਰਹਿੰਦ-ਖੂੰਹਦ ਤੇ ਕੂੜਾ-ਕਰਕਟ ਨੂੰ ਅੱਗ ਲਾਉਣ ਤੇ ਖੇਤਾਂ 'ਚ ਕਿਸੇ ਵੀ ਤਰ੍ਹਾਂ ਦੀ ਉਸਾਰੀ ਕਰਨ 'ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 24 ਦਸੰਬਰ 2020 ਤਕ ਲਾਗੂ ਰਹਿਣਗੇ।