ਸਟਾਫ ਰਿਪੋਰਟਰ, ਕਪੂਰਥਲਾ : ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਡੀਪੀਐੱਸ ਖਰਬੰਦਾ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਕਪੂਰਥਲਾ ਵਿਚ ਸਾਰੇ ਕੰਬਾਈਨ ਮਾਲਕ ਅਣ-ਪੱਕੇ ਅਤੇ ਨਮੀ ਵਾਲੇ ਝੋਨੇ ਦੀ ਕਟਾਈ ਨਾ ਕਰਨ ਅਤੇ ਕਟਾਈ ਕਰਨ ਸਮੇਂ ਕੰਬਾਈਨਾਂ ਵਿਚ ਉਪਲੱਬਧ ਪੱਖਿਆਂ ਨੂੰ ਚਾਲੂ ਹਾਲਤ ਵਿਚ ਰੱਖਣ। ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਪੂਰਥਲਾ ਜ਼ਿਲ੍ਹੇ ਵਿਚ ਕਿਸੇ ਵੀ ਸਥਾਨ 'ਤੇ ਕਿਸੇ ਵੀ ਹਾਲਤ ਵਿਚ ਕੰਬਾਈਨ ਮਾਲਕਾਂ ਵੱਲੋਂ ਝੋਨੇ ਦੀ ਕਟਾਈ ਰਾਤ ਸਮੇਂ 7 ਵਜੇ ਤੋਂ ਸਵੇਰੇ 10 ਵਜੇ ਤੱਕ ਨਾ ਕੀਤੀ ਜਾਵੇ। ਇਹ ਹੁਕਮ 14 ਨਵੰਬਰ 2019 ਤਕ ਲਾਗੂ ਰਹਿਣਗੇ। ਜਾਰੀ ਹੁਕਮਾਂ ਵਿਚ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਝੋਨੇ ਦੀ ਕਟਾਈ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ ਅਤੇ ਕੰਬਾਈਨ ਮਾਲਕ ਕਿਸਾਨਾਂ ਨੂੰ ਝੋਨੇ ਦੀ ਕਟਾਈ ਦੇ ਸਹੀ ਸਮੇਂ ਬਾਰੇ ਜਾਣਕਾਰੀ ਨਹੀਂ ਦਿੰਦੇ। ਕਿਸਾਨਾਂ ਵੱਲੋਂ ਜਦੋਂ ਵੀ ਕੰਬਾਈਨ ਉਪਲਬੱਧ ਹੁੰਦੀ ਹੈ, ਉਸੇ ਸਮੇਂ ਝੋਨੇ ਦੀ ਕਟਾਈ ਕਰ ਲਈ ਜਾਂਦੀ ਹੈ, ਭਾਵੇਂ ਉਸ ਵੇਲੇ ਰਾਤ ਹੋਵੇ। ਇਸ ਤਰ੍ਹਾਂ ਕਿਸਾਨਾਂ ਵੱਲੋਂ ਅਣ-ਪੱਕੇ ਅਤੇ ਨਮੀ ਵਾਲੇ ਝੋਨੇ ਦੀ ਕਟਾਈ ਕਰਵਾ ਲਈ ਜਾਂਦੀ ਹੈ। ਅਜਿਹੇ ਝੋਨੇ ਨੂੰ ਖ਼ਰੀਦਣ ਲਈ ਖ਼ਰੀਦ ਏਜੰਸੀਆਂ ਗੁਰੇਜ਼ ਕਰਦੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਅੌਕੜ ਪੇਸ਼ ਆਉਂਦੀ ਹੈ।