ਅਮਨਜੋਤ ਵਾਲੀਆ, ਕਪੂਰਥਲਾ : ਥਾਣਾ ਸਿਟੀ ਵਿਚ ਪੈਂਦੇ ਮੁਹੱਲਾ ਉੱਚਾ ਧੋੜਾ ਦੀ ਰਹਿਣ ਵਾਲੀ ਇਕ ਵਿਆਹੁਤਾ ਅੌਰਤ ਨੇ ਆਪਣੇ ਪਤੀ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਕਾਜਲ ਪਤਨੀ ਸੁਨੀਲ ਕੁਮਾਰ ਦੇ ਭਰਾ ਮੁਨੀਸ਼ ਕੁਮਾਰ ਨੇ ਦੱਸਿਆ ਕਿ ਕਰੀਬ 8 ਮਹੀਨੇ ਪਹਿਲਾ ਉਸ ਦੀ ਭੈਣ ਨੇ ਆਪਣੀ ਮਰਜ਼ੀ ਨਾਲ ਚੂਹੜਵਾਲ ਚੂੰਗੀ ਦੇ ਨਜ਼ਦੀਕ ਰਹਿਣ ਵਾਲੇ ਸੁਨੀਲ ਕੁਮਾਰ ਨਾਮ ਦੇ ਵਿਅਕਤੀ ਨਾਲ ਲਵ ਮੈਰਿਜ਼ ਕਰਵਾ ਕੇ ਕੋਰਟ ਵਿਚ ਮੈਰਿਜ਼ ਰਜਿਸਟਰ ਕਰਵਾਈ ਸੀ। ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਉਸ ਦੇ ਪਤੀ ਤੇ ਸਹੁਰੇ ਪਰਿਵਾਰ ਵਲੋਂ ਦਾਜ-ਦਹੇਜ ਦੀ ਮੰਗ ਕਰਦੇ ਹੋਏ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਭੈਣ ਜੋ ਕਿ ਚਾਰ ਮਹੀਨਿਆਂ ਦੀ ਗਰਭਵਤੀ ਹੈ, ਸ਼ੁੱਕਰਵਾਰ ਰਾਤ ਨੂੰ ਉਸ ਦੀ ਭੈਣ ਦੇ ਪਤੀ ਅਤੇ ਸਹੁਰਾ ਪਰਿਵਾਰ ਵਲੋਂ ਕੁੱਟਮਾਰ ਕੀਤੀ ਗਈ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਕਪੂਰਥਲਾ ਵਿਚ ਦਾਖਲ ਕਰਵਾਇਆ ਗਿਆ। ਉਸ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾ ਵੀ ਉਸ ਦਾ ਸਹੁਰਾ ਪਰਿਵਾਰ ਉਸ ਦੀ ਭੈਣ ਨਾਲ ਕੁੱਟਮਾਰ ਕਰਦਾ ਸੀ, ਜਿਸ ਨੂੰ ਲੈ ਕੇ ਉਨ੍ਹਾਂ ਵਲੋਂ ਵੂਮੈਨ ਸੈੱਲ ਕਪੂਰਥਲਾ ਵਿਚ ਦਰਖਾਸਤ ਵੀ ਦਿੱਤੀ ਗਈ ਸੀ, ਜਿੱਥੇ ਮੋਹਤਬਰ ਵਿਅਕਤੀਆਂ ਨੇ ਦੋਵਾਂ ਪਰਿਵਾਰਾਂ ਦਾ ਸਮਝੋਤਾ ਕਰਵਾ ਦਿੱਤਾ ਸੀ, ਪਰ ਉਸ ਤੋਂ ਬਾਅਦ ਵੀ ਉਸ ਦੇ ਸਹੁਰਾ ਪਰਿਵਾਰ ਵਲੋਂ ਕੁੱਟਮਾਰ ਦਾ ਸਿਲਸਿਲਾ ਜ਼ਾਰੀ ਰਿਹਾ। ਦੂਜੇ ਪਾਸੇ ਜਦੋਂ ਉਸ ਦੇ ਪਤੀ ਸੁਨੀਲ ਕੁਮਾਰ ਅਤੇ ਸਹੁਰਾ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ 'ਤੇ ਲਗਾਏ ਗਏ ਦੋਸ਼ਾਂ ਨੂੰ ਬੇ-ਬੁਨਿਆਦ ਦੱਸਿਆ।