ਅਮਨਜੋਤ ਵਾਲੀਆ, ਕਪੂਰਥਲਾ : ਥਾਣਾ ਸਿਟੀ ਵਿਚ ਪੈਂਦੇ ਮੁਹੱਲਾ ਉੱਚਾ ਧੋੜਾ ਵਿਖੇ ਟਰੈਕਟਰ-ਟਰਾਲੀ ਡਰਾਈਵਰ ਨਾਲ ਉਸ ਦੇ ਮਾਲਕਾਂ ਨੇ ਕੁੱਟਮਾਰ ਕੀਤੀ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਸੋਨੀ ਪੁੱਤਰ ਅਮਰਜੀਤ ਸਿੰਘ ਵਾਸੀ ਮੁਹੱਲਾ ਉੱਚਾ ਧੋੜਾ ਨੇ ਦੱਸਿਆ ਕਿ ਉਹ ਕਿਸੇ ਦੀ ਟਰੈਕਟਰ-ਟਰਾਲੀ ਚਲਾਉਂਦਾ ਹੈ। ਉਸ ਦੇ ਮਾਲਕ ਉਸ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੰਦੇ। ਬੀਤੇ ਕੁਝ ਦਿਨਾਂ ਤੋਂ ਮਾਲਕਾਂ ਤੋਂ ਤਨਖਾਹ ਮੰਗ ਰਿਹਾ ਸੀ ਪਰ ਉਹ ਤਨਖਾਹ ਦੇਣ ਤੋਂ ਆਨਾਕਾਨੀ ਕਰ ਰਹੇ ਹਨ। ਅੱਜ ਉਹ ਕੰਮ 'ਤੇ ਨਹੀਂ ਗਿਆ ਤਾਂ ਮਾਲਕਾਂ ਨੇ ਉਸ ਨੂੰ ਗਾਲ਼ਾਂ ਕੱਢੀਆਂ ਅਤੇ ਧੱਕੇ ਨਾਲ ਕੰਮ ਕਰਨ ਲਈ ਕਿਹਾ। ਜਦੋਂ ਉਸ ਨੇ ਕੰਮ 'ਤੇ ਜਾਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੇ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਡਿਊਟੀ ਡਾਕਟਰ ਅਨੁਸਾਰ ਉਸ ਦੀ ਹਾਲਤ ਗੰਭੀਰ ਹੈ ਅਤੇ ਇਲਾਜ ਜਾਰੀ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।