ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ

ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ ਨੇੜੇ ਪੈਂਦੇ ਪਿੰਡ ਭਾਣੋਂ ਲੰਗਾ ਦੇ ਪੈਟਰੋਲ ਪੰਪ ਕੋਲ ਮਾਰੂਤੀ ਜ਼ੈਨ ਕਾਰ (ਪੀਬੀ03-ਏਡਬਲਯੂ-4692) ਦੀ ਕਰੇਨ ਨਾਲ ਜ਼ਬਰਦਸਤ ਟੱਕਰ ਹੋ ਗਈ ਹੈ। ਹਾਦਸੇ 'ਚ ਇਕ ਬਜ਼ੁਰਗ ਅੌਰਤ ਦੀ ਮੌਤ ਹੋ ਗਈ ਅਤੇ 3 ਅੌਰਤਾਂ ਤੇ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਜ਼ੇਰੇ ਇਲਾਜ ਕਾਰ ਚਾਲਕ ਸਾਬੀ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਨਵਾਂ ਪਿੰਡ ਭੱਠੇ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸੁਲਤਾਨਪੁਰ ਲੋਧੀ ਦੇ ਪਿੰਡ ਸੇਚਾਂ ਦੇ ਗੁਰਦੁਆਰਾ ਸਾਹਿਬ, ਜਿਥੇ ਅੱਜ ਮੇਲਾ ਮਨਾਇਆ ਜਾ ਰਿਹਾ ਸੀ, 'ਚ ਉਹ ਸਣੇ ਪਰਿਵਾਰ ਨਤਮਸਤਕ ਹੋਣ ਜਾ ਰਹੇ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪਿੰਡ ਭਾਣੋਂ ਲੰਗਾ ਦੇ ਪੈਟਰੋਲ ਪੰਪ ਨੇੜੇ ਪਹੁੰਚੇ ਤਾਂ ਅੱਗੇ ਸੁਲਤਾਨਪੁਰ ਲੋਧੀ ਵੱਲੋਂ ਕਰੇਨ ਆ ਰਹੀ ਸੀ, ਜਿਸ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸਾ ਬਹੁਤ ਜ਼ਬਰਦਸਤ ਸੀ, ਜਿਸ ਨਾਲ ਕਾਰ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਹਾਦਸੇ 'ਚ ਸਤਨਾਮ ਕੌਰ ਪਤਨੀ ਗੁਰਦੀਪ ਸਿੰਘ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਇਸ ਤੋਂ ਇਲਾਵਾ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਸਾਬੀ ਪੁੱਤਰ ਬਲਵੀਰ ਸਿੰਘ, ਪਲਵਿੰਦਰ ਕੌਰ ਪੁੱਤਰੀ ਬਲਵੀਰ ਸਿੰਘ, ਰਜੀ ਪਤਨੀ ਬਲਵੀਰ ਸਿੰਘ, ਸੁਖਵਿੰਦਰ ਕੌਰ ਪਤਨੀ ਮੰਗਲ ਸਿੰਘ ਵਾਸੀ ਸਾਰੇ ਨਵਾਂ ਪਿੰਡ ਭੱਠੇ ਜ਼ਿਲ੍ਹਾ ਕਪੂਰਥਲਾ ਨੂੰ ਇਲਾਜ ਵਾਸਤੇ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀਆਂ ਵਿਚੋਂ ਦੋ ਅੌਰਤਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਹਸਪਤਾਲ ਦੇ ਡਾਕਟਰਾਂ ਵੱਲੋਂ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਕਾਰਵਾਈ ਸ਼ੁਰੂ ਕਰਦਿਆਂ ਐੱਸਆਈ ਜਸਪਾਲ ਸਿੰਘ, ਏਐੱਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਕਰੇਨ ਨੂੰ ਦੀਪਕ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਚੂਹੜਵਾਲੀ, ਜ਼ਿਲ੍ਹਾ ਜਲੰਧਰ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।