* ਐਕਟਿਵਾ ਸਵਾਰ ਵਿਅਕਤੀ ਦੀ ਮੌਤ, ਤਿੰਨ ਜਣੇ ਗੰਭੀਰ ਜ਼ਖ਼ਮੀ

ਜੇਐੱਨਐੱਨ, ਫਗਵਾੜਾ : ਫਗਵਾੜਾ-ਚੰਡੀਗੜ੍ਹ ਬਾਈਪਾਸ 'ਤੇ ਸਥਿਤ ਪਿੰਡ ਖੰਗੂੜਾ ਕੋਲ ਟਿੱਪਰ ਤੇ ਕਾਰ ਵਿਚਾਲੇ ਹੋਈ ਟੱਕਰ ਮਗਰੋਂ ਕਾਰ ਬੇਕਾਬੂ ਹੋ ਕੇ ਐਕਟਿਵਾ ਸਵਾਰ ਪਿਓ-ਧੀ ਨਾਲ ਜਾ ਟਕਰਾਈ। ਜਿਸ ਨਾਲ ਐਕਟਿਵਾ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਪੁੱਤਰੀ ਗੰਭੀਰ ਜ਼ਖ਼ਮੀ ਹੋ ਗਈ। ਮਿ੍ਤਕ ਦੀ ਪਛਾਣ ਤਰਨਜੀਤ ਸਿੰਘ ਪੁੱਤਰ ਤਿਰਲੋਚਨ ਸਿੰਘ ਵਾਸੀ ਪਲਾਹੀ ਰੋਡ ਫਗਵਾੜਾ ਵਜੋਂ ਹੋਈ ਹੈ। ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਲਾਸ਼ ਘਰ 'ਚ ਰੱਖਵਾ ਦਿੱਤੀ ਹੈ। ਜਦਕਿ ਇਸ ਹਾਦਸੇ 'ਚ ਅਮਨਜੀਤ ਪੁੱਤਰੀ ਤਰਨਜੀਤ ਸਿੰਘ ਵਾਸੀ ਪਲਾਹੀ ਰੋਡ ਫਗਵਾੜਾ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਧਰ ਟਿੱਪਰ ਨਾਲ ਟੱਕਰ ਹੋਣ ਕਾਰਨ ਕਾਰ ਚਾਲਕ ਤੇ ਇਕ ਬਜ਼ੁਰਗ ਵਿਅਕਤੀ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ। ਜਿਨ੍ਹਾਂ ਦੀ ਪਛਾਣ ਕੇਸਰ ਸਿੰਘ ਪੁੱਤਰ ਮਨੀ ਸਿੰਘ ਵਾਸੀ ਲੁਧਿਆਣਾ ਤੇ ਭਗਵਾਨ ਦਾਸ ਪੁੱਤਰ ਆਸਰੇ ਵਜੋਂ ਹੋਈ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕਾਰ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮਿ੍ਤਕ ਤਰਨਜੀਤ ਸਿੰਘ ਆਪਣੀ ਪੁੱਤਰੀ ਅਮਨਜੀਤ ਨਾਲ ਐਕਟਿਵਾ 'ਤੇ ਜਾ ਰਿਹਾ ਸੀ। ਇਸ ਦੌਰਾਨ ਪਿੰਡ ਖੰਗੂੜਾ ਕੋਲ ਟਿੱਪਰ ਦੀ ਕਾਰ ਨਾਲ ਟੱਕਰ ਹੋ ਗਈ ਤੇ ਕਾਰ ਬੇਕਾਬੂ ਹੋ ਕੇ ਐਕਟਿਵਾ ਨਾਲ ਜਾ ਟਕਰਾਈ। ਇਸ ਟੱਕਰ 'ਚ ਐਕਟਿਵਾ ਚਾਲਕ ਤਰਨਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਸ ਹਾਦਸੇ 'ਚ ਉਸ ਦੀ ਧੀ ਤੇ ਕਾਰ ਚਾਲਕ ਤੇ ਇਕ ਬਜ਼ੁਰਗ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਹਾਦਸੇ ਦੀ ਜਾਂਚ 'ਚ ਜੁਟੀ ਹੈ।