ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਦੇਸਲ ਪਿੰਡ ਦੀਆਂ ਕਾਲੋਨੀਆਂ ਨੇੜੇ ਇਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਨਾਲ ਕੁੱਟਮਾਰ ਕਰਦਿਆਂ ਉਸ ਦੇ ਸਿਰ 'ਤੇ ਇੱਟ ਨਾਲ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਧਰ ਮਾਮਲੇ 'ਚ ਥਾਣਾ ਫੱਤੂਢੀਂਗਾ ਦੀ ਪੁਲਿਸ ਨੇ ਮਿ੍ਤਕ ਦੀ ਪਤਨੀ ਦੇ ਬਿਆਨਾਂ 'ਤੇ ਇਕ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਫੱਤੂਢੀਂਗਾ ਦੀ ਐੱਸਐੱਚਓ ਸਬ ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮਿ੍ਤਕ ਦੀ ਪਤਨੀ ਜੀਵਨ ਜੋਤੀ ਵਾਸੀ ਪਿੰਡ ਫਜਲਾਬਾਦ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਉਸ ਦਾ ਪਤੀ ਹਰਵਿੰਦਰ ਸਿੰਘ ਤੇ ਸੱਤਪਾਲ ਸਿੰਘ ਰੋਜ਼ਾਨਾ ਵਾਂਗ ਪਿੰਡ ਮਿਆਣੀ ਬੋਲਾ ਵਿਖੇ ਵੈਲਡਿੰਗ ਦਾ ਕੰਮ ਕਰਨ ਗਏ ਸੀ। ਸ਼ਾਮ ਨੂੰ ਉਸ ਦਾ ਪਤੀ ਹਰਵਿੰਦਰ ਸਿੰਘ ਆਪਣੇ ਕਾਲੇ ਰੰਗ ਦੇ ਮੋਟਰਸਾਇਕਲ ਸਪਲੈਂਡਰ 'ਤੇ ਕੰਮ ਕਰ ਕੇ ਘਰ ਨੂੰ ਆ ਰਿਹਾ ਸੀ ਤੇ ਸਤਪਾਲ ਸਿੰਘ ਵੀ ਉਸ ਨਾਲ ਸੀ। ਇਸ ਦੌਰਾਨ ਸ਼ਾਮ ਕਰੀਬ 7 ਵਜੇ ਉਹ ਆਪਣੇ ਘਰ ਕੰਮ ਕਰ ਰਹੀ ਸੀ ਤਾਂ ਉਸ ਦਾ ਦਿਓਰ ਹਰਜੋਤਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਫਜਲਾਬਾਦ ਦੌੜਦਾ ਹੋਇਆ ਉਸ ਕੋਲ ਆਇਆ ਤੇ ਉਸ ਨੂੰ ਕਹਿਣ ਲੱਗਾ ਕਿ ਭਾਬੀ ਵੀਰ ਹਰਵਿੰਦਰ ਸਿੰਘ ਨਾਲ ਸੁਖਜਿੰਦਰ ਸਿੰਘ ਉਰਫ ਬਾਬਾ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਦੇਸਲ ਕਾਲੋਨੀਆ ਨੇੜੇ ਸੜਕ ਉਪਰ ਹੀ ਆਪਸ 'ਚ ਝਗੜ ਰਹੇ ਹਨ ਤੇ ਉਕਤ ਸੁਖਜਿੰਦਰ ਸਿੰਘ ਉਰਫ ਬਾਬਾ ਨੇ ਹਰਵਿੰਦਰ ਸਿੰਘ ਦੇ ਸਿਰ 'ਚ ਇੱਟ ਮਾਰੀ ਹੈ ਤੇ ਅਜੇ ਵੀ ਵੀਰ ਦੀ ਕੁੱਟਮਾਰ ਕਰ ਰਿਹਾ ਹੈ। ਉਸ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਵੀ ਮਾਰਨ ਲੱਗਾ ਸੀ। ਉਕਤ ਸੁਖਜਿੰਦਰ ਸਿੰਘ ਉਰਫ ਬਾਬਾ ਨੇ ਉਸ ਦੇ ਪਤੀ ਹਰਵਿੰਦਰ ਸਿੰਘ ਦੀ ਕੁੱਟਮਾਰ ਕਰ ਕੇ ਉਸ ਨੂੰ ਸੱਟਾਂ ਮਾਰ ਕੇ ਜਾਨੋ ਮਾਰ ਦਿੱਤਾ ਹੈ। ਐੱਸਐੱਚਓ ਨੇ ਦੱਸਿਆ ਕਿ ਮਾਮਲੇ 'ਚ ਥਾਣਾ ਫੱਤੂਢੀਂਗਾ ਦੀ ਪੁਲਿਸ ਨੇ ਉਕਤ ਦੋਸ਼ੀ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।