ਅਮਨਜੋਤ ਵਾਲੀਆ, ਕਪੂਰਥਲਾ : ਮੰਗਲਵਾਰ ਸਵੇਰੇ ਪਈ ਧੁੰਦ ਕਾਰਨ ਥਾਣਾ ਫੱਤੂਢੀਂਗਾ ਵਿਚ ਪੈਂਦੇ ਪ੍ਰਵੇਜ਼ ਨਗਰ ਵਿਖੇ ਇਕ ਟਰੱਕ ਤੇ ਮਹਿੰਦਰਾ ਪਿਕਅੱਪ ਗੱਡੀ ਦੀ ਟੱਕਰ ਹੋ ਗਈ। ਇਸ ਟੱਕਰ 'ਚ ਮਹਿੰਦਰਾ ਪਿਕਅੱਪ ਗੱਡੀ ਵਿਚ ਸਵਾਰ ਤਿੰਨ ਨੌਜਵਾਨਾਂ 'ਚੋਂ ਇਕ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਵਲੋਂ 108 ਐਂਬੂਲੈਂਸ ਦੀ ਸਹਾਇਤਾ ਨਾਲ ਇਲਾਜ਼ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਗੰਭੀਰ ਜ਼ਖ਼ਮੀ ਹੋਏ ਵਿਅਕਤੀਆਂ ਦਾ ਮੁੱਢਲਾ ਇਲਾਜ਼ ਕਰਕੇ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਖਾਨੇ ਵਿਚ ਰੱਖਵਾ ਦਿੱਤਾ ਗਿਆ ਹੈ। ਥਾਣਾ ਫੱਤੂਢੀਂਗਾ ਦੇ ਐੱਸਐੱਚਓ ਚੰਨਣ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਬਲਵੰਤ ਸਿੰਘ ਪੁੱਤਰ ਸੁਰਜੀਤ ਸਿੰਘ, ਜ਼ਖ਼ਮੀ ਬਲਵੰਤ ਸਿੰਘ ਪੁੱਤਰ ਦਲਬੀਰ ਸਿੰਘ ਨੇ ਦੱਸਿਆ ਕਿ ਉਹ ਵਿਆਹ ਵਿਚ ਡੀਜੇ ਦਾ ਕੰਮ ਕਰਦੇ ਹਨ। ਮੰਗਲਵਾਰ ਨੂੰ ਸਵੇਰੇ ਸੁਲਤਾਨਪੁਰ ਲੋਧੀ ਵਿਚ ਵਿਆਹ 'ਤੇ ਡੀਜੇ ਲਗਾਉਣ ਲਈ ਮਹਿੰਦਰਾ ਪਿਕਅੱਪ ਗੱਡੀ 'ਤੇ ਜਾ ਰਹੇ ਸਨ ਤਾਂ ਉਨ੍ਹਾਂ ਨਾਲ 13 ਸਾਲਾ ਗੁਰਪ੍ਰਰੀਤ ਸਿੰਘ ਪੁੱਤਰ ਤਰਸੇਮ ਸਿੰਘ ਵੀ ਸੀ। ਸਵੇਰ ਦਾ ਸਮਾਂ ਹੋਣ ਕਰਕੇ ਭਾਰੀ ਧੁੰਦ ਹੋਣ ਕਾਰਨ ਸੜਕ 'ਤੇ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਤਾਂ ਜਦੋਂ ਉਹ ਪ੍ਰਵੇਜ਼ ਨਗਰ ਦੇ ਨਜ਼ਦੀਕ ਪਹੁੰਚੇ ਤਾਂ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਅਚਾਨਕ ਮਹਿੰਦਰਾ ਪਿਕਅਪ ਦਾ ਸੰਤੁਲਨ ਵਿਗੜ ਗਿਆ, ਜਿਸ ਮਹਿੰਦਰਾ ਪਿਕਅੱਪ ਵਿਚ ਪਿਆ ਡੀਜੇ ਦਾ ਸਮਾਨ ਉਨ੍ਹਾਂ ਦੇ ਉਪਰ ਡਿੱਗ ਗਿਆ। ਜਿਸ ਨਾਲ 13 ਸਾਲਾ ਗੁਰਪ੍ਰਰੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਹ ਦੋਵੇਂ ਜਾਣੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਕਪੂਰਥਲਾ ਵਿਚ ਦਾਖਲ ਕਰਵਾਇਆ ਗਿਆ। ਧੁੰਦ ਕਾਰਨ ਹੋਏ ਹਾਦਸੇ ਵਿਚ ਦੋਵਾਂ ਪਰਿਵਾਰਕ ਮੈਂਬਰਾਂ ਨੇ ਕਿਸੇ 'ਤੇ ਵੀ ਕੋਈ ਦੋਸ਼ ਨਹੀਂ ਲਾਇਆ। ਪੁਲਿਸ ਵਲੋਂ ਬੁੱਧਵਾਰ ਨੂੰ 174 ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਜਾਵੇਗਾ।