ਕਰਾਈਮ ਰਿਪੋਰਟਰ, ਕਪੂਰਥਲਾ : ਥਾਣਾ ਸਿਟੀ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ 170 ਨਸ਼ੀਲੇ ਕੈਪਸੂਲਾਂ ਸਮੇਤ ਗਿ੍ਫਤਾਰ ਕੀਤਾ ਹੈ। ਮੁਲਜ਼ਮ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਮਾਣਯੋਗ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਏਐੱਸਆਈ ਸੁਰਿੰਦਰ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਕੁਸ਼ਟ ਆਸ਼ਰਮ ਦੇ ਨਜ਼ਦੀਕ ਮੌਜੂਦ ਸਨ। ਇਸ ਦੌਰਾਨ ਮੁਹੱਲਾ ਉੱਚਾ ਧੋੜਾ ਵਲੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਉਸ ਦੇ ਹੱਥਾਂ ਵਿਚ ਪਾਲੀਥੀਨ ਦਾ ਲਿਫਾਫਾ ਸੀ। ਪੁਲਿਸ ਨੂੰ ਦੇਖ ਕੇ ਉਸ ਨੇ ਲਿਫਾਫੇ ਨੂੰ ਝਾੜੀਆਂ ਵਿਚ ਸੁੱਟ ਦਿੱਤਾ ਅਤੇ ਪਿੱਛੇ ਭੱਜਣ ਲੱਗਾ। ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਾਰਨ ਮੁਲਜ਼ਮ ਨੇ ਆਪਣਾ ਨਾਮ ਰਿੰਕੂ ਪੁੱਤਰ ਤਰਸੇਮ ਸਿੰਘ ਨਿਵਾਸੀ ਹਾਥੀ ਖਾਨਾ ਦੱਸਿਆ। ਜਦੋਂ ਉਸ ਵਲੋਂ ਸੁੱਟੇ ਗਏ ਲਿਫਾਫੇ ਦੀ ਪੁਲਿਸ ਨੇ ਤਲਾਸ਼ੀ ਲਈ ਤਾਂ ਉਸ ਵਿਚੋਂ 170 ਨਸ਼ੀਲੇ ਕੈਪਸੂਲ ਬਰਾਮਦ ਹੋਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ 'ਤੇ ਪਹਿਲਾ ਤੋਂ ਹੀ ਐੱਨਡੀਪੀਐੱਸ ਐਕਟ ਦੇ ਦੋ ਮਾਮਲੇ ਦਰਜ ਹਨ।