ਰਘਬਿੰਦਰ ਸਿੰਘ, ਨਡਾਲਾ : ਨਡਾਲਾ ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਜੋਰਦਾਰ ਮੁਹਿੰਮ ਵਿੱਢੀ ਹੋਈ ਹੈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿਚ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਐੱਸਐੱਚਓ ਸੁਭਾਨਪੁਰ ਜਸਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਨਡਾਲਾ ਚੌਂਕੀ ਮੁਖੀ ਪਰਮਜੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਵੱਲੋਂ ਜੱਜੀ ਮਾਰਗ ਨਡਾਲਾ ਵੱਲ ਗਸ਼ਤ ਕੀਤੀ ਜਾ ਰਹੀ ਸੀ। ਇਸ ਮਾਰਗ 'ਤੇ ਸਥਿਤ ਗੁਰੂ ਨਾਨਕ ਕਾਲੋਨੀ ਦੇ ਗੇਟ 'ਤੇ ਮੋਟਰਸਾਈਕਲ ਸ਼ੱਕੀ ਨੌਜਵਾਨ ਖੜਾ ਵੇਖਿਆ, ਜਦੋ ਉਸਨੂੰ ਅਵਾਜ ਮਾਰੀ ਤਾਂ ਉਕਤ ਨੌਜਵਾਨ ਨੇ ਪੁਲਿਸ ਨੂੰ ਵੇਖ ਕੇ ਮੋਟਰਸਾਈਕਲ ਕਾਲੋਨੀ ਵੱਲ ਮੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਲਿੱਪ ਹੋ ਗਿਆ ਅਤੇ ਉਸਦੇ ਹੱਥ ,ਚ ਫੜਿਆ ਇੱਕ ਲਿਫਾਫਾ ਵੀ ਡਿੱਗ ਪਿਆ। ਇਸ ਦੌਰਾਨ ਮੌਕੇ ਪੁੱਜੇ ਏਐਸਆਈ ਤਰਸੇਮ ਸਿੰਘ ਦੀ ਹਾਜ਼ਰੀ ਵਿਚ ਉਕਤ ਵਿਅਕਤੀ ਸੁਰਿੰਦਰ ਕੁਮਾਰ ਸੁੱਚੂ ਵਾਸੀ ਨਡਾਲਾ ਦੀ ਤਲਾਸ਼ੀ ਲਈ ਤਾਂ ਉਸਦੇ ਲਿਫਾਫੇ ਵਿਚੋਂ 178 ਨਸ਼ੀਲੇ ਕੈਪਸੂਲ ਬਰਾਮਦ ਕੀਤੇ। ਮੁਲਜ਼ਮ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਕਤ ਮੁਲਜ਼ਮ ਪਹਿਲਾ ਵੀ ਅਜਿਹੇ ਮਾਮਲੇ ਕਾਰਨ ਜੇਲ੍ਹ 'ਚੋਂ ਆਇਆ ਹੈ। ਇਸ ਮੌਕੇ ਏਐਸਪੀ ਹਰਜਿੰਦਰ ਸਿੰਘ, ਜਸਪਾਲ ਸਿੰਘ, ਮੁਣਸ਼ੀ ਰਜਿੰਦਰ ਕੁਮਾਰ, ਜਸਵਿੰਦਰ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।