ਸੁਖਪਾਲ ਹੁੰਦਲ, ਕਪੂਰਥਲਾ : ਐੱਸਐੱਸਪੀ ਕਪੂਰਥਲਾ ਸਤਿੰਦਰ ਸਿੰਘ ਦੇ ਨਾਂ 'ਤੇ ਦੋ ਲੱਖ ਰੁਪਏ ਦੀ ਰਕਮ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੇ ਐੱਸਐੱਸਪੀ ਨਾਲ ਚੰਗੀ ਜਾਣ-ਪਛਾਣ ਦਾ ਹਵਾਲਾ ਦੇ ਕੇ ਨਸ਼ਾ ਤਸਕਰੀ 'ਚ ਨਾਮਜ਼ਦ ਪਤੀ-ਪਤਨੀ ਦੇ ਪਿਤਾ ਕੋਲੋਂ ਐੱਫਆਈਆਰ 'ਚੋਂ ਨਾਂ ਕੱਢਵਾਉਣ ਲਈ ਦੋ ਲੱਖ ਰੁਪਏ ਦੀ ਰਕਮ ਵਸੂਲੀ। ਥਾਣਾ ਸਿਟੀ ਦੀ ਪੁਲਿਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਲੱਖ ਰੁਪਏ ਦੀ ਰਕਮ ਬਰਾਮਦ ਕਰ ਲਈ ਹੈ, ਸੋਮਵਾਰ ਨੂੰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਐੱਸਐੱਸਪੀ ਕਪੂਰਥਲਾ ਸਤਿੰਦਰ ਸਿੰਘ ਨੂੰ ਦਿੱਤੀ ਸ਼ਿਕਾਇਤ ਵਿੱਚ ਬਲਦੇਵ ਸਿੰਘ ਨਿਵਾਸੀ ਬਾਬਾ ਸਾਵਨ ਸਿੰਘ ਕਾਲੋਨੀ ਬੱਕਰਖਾਨਾ ਨੇ ਦੱਸਿਆ ਕਿ ਉਸਦਾ ਪੁੱਤਰ ਕੁਲਦੀਪ ਸਿੰਘ ਉਰਫ ਬੈਂਜਾ ਤੇ ਉਸਦੀ ਪਤਨੀ ਮਨਜੀਤ ਕੌਰ ਖ਼ਿਲਾਫ਼ 22 ਜੁਲਾਈ 2018 ਨੂੰ ਐੱਨਡੀਪੀਐੱਸ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ। ਇਸਦੇ ਇਲਾਵਾ ਉਸ 'ਤੇ ਪਹਿਲਾਂ ਵੀ ਕਈ ਮਾਮਲੇ ਚੱਲ ਰਹੇ ਹਨ। ਕਰੀਬ ਦੋ ਮਹੀਨੇ ਪਹਿਲਾਂ ਉਸਦੇ ਘਰ ਸੁਲੱਖਨ ਸਿੰਘ ਨਿਵਾਸੀ ਪਿੰਡ ਧਾਲੀਵਾਲ ਬੇਟ ਕਸਬਾ ਿਢਲਵਾਂ ਆਇਆ ਤੇ ਕਹਿਣ ਲੱਗਾ ਕਿ ਉਸਦੀ ਐੱਸਐੱਸਪੀ ਕਪੂਰਥਲਾ ਨਾਲ ਬਹੁਤ ਜਾਣ-ਪਛਾਣ ਹੈ। ਉਹ ਲੋਕਾਂ ਦੇ ਕੰਮ ਐੱਸਐੱਸਪੀ ਤੋਂ ਕਰਵਾਉਂਦਾ ਹੈ। ਉਸ ਨੂੰ ਪਤਾ ਲੱਗਾ ਕਿ ਉਸਦੇ ਪੁੱਤਰ ਤੇ ਨੂੰਹ 'ਤੇ ਵੀ ਕਈ ਮਾਮਲੇ ਦਰਜ ਹਨ, ਜੇਕਰ ਉਹ ਆਪਣੇ ਪੁੱਤਰ ਤੇ ਨੂੰਹ ਨੂੰ ਇਨ੍ਹਾਂ ਮਾਮਲਿਆਂ ਤੋਂ ਬਾਹਰ ਕੱਢਵਾਉਣਾ ਚਾਹੁੰਦਾ ਹੈ ਤਾਂ ਪ੍ਰਤੀ ਵਿਅਕਤੀ ਦੋ ਲੱਖ ਰੁਪਏ ਲੱਗਣਗੇ। ਇਸ 'ਤੇ ਉਸਨੇ ਦੋ ਲੱਖ ਵਿੱਚ ਗੱਲ ਤੈਅ ਕਰ ਲਈ ਤੇ 50 ਹਜਾਰ ਰੁਪਏ ਉਸ ਨੂੰ ਦੇ ਦਿੱਤੇ। ਉਸਦੇ ਬਾਅਦ ਉਹ 1.5 ਲੱਖ ਰੁਪਏ ਦੀ ਰਕਮ ਦਾ ਬੰਦੋਬਸਤ ਕਰਕੇ ਨਡਾਲਾ ਵਿੱਚ ਸਤਪਾਲ ਲਾਹੌਰੀਆ ਦੇ ਦਫਤਰ ਅੱਪੜਿਆ, ਜਿੱਥੇ ਸੁਲੱਖਨ ਸਿੰਘ ਪਹਿਲਾਂ ਤੋਂ ਬੈਠਾ ਸੀ। ਉਸਨੇ ਜੋਗਿੰਦਰ ਸਿੰਘ ਅਤੇ ਸਤਪਾਲ ਲਾਹੌਰੀਆ ਦੇ ਸਾਹਮਣੇ ਸੁਲੱਖਨ ਸਿੰਘ ਨੂੰ ਡੇਢ ਲੱਖ ਰੁਪਏ ਦੀ ਰਕਮ ਦਿੱਤੀ। ਰਕਮ ਲੈਣ ਦੇ ਬਾਅਦ ਸੁਲੱਖਨ ਸਿੰਘ ਬੋਲਿਆ ਕਿ ਜਾਓ, ਕੰਮ ਹੋ ਜਾਵੇਗਾ। ਕੁੱਝ ਸਮਾਂ ਬਾਅਦ ਜਦੋਂ ਉਸਨੇ ਉਸਤੋਂ ਪੁੱਿਛਆ ਤਾਂ ਉਹ ਲਾਰਾ ਲਗਾਉਣ ਲੱਗਾ, ਇਸ ਤਰ੍ਹਾਂ ਨਾਲ ਸੁਲੱਖਨ ਸਿੰਘ ਨੇ ਉਸ ਤੋਂ ਐੱਸਐੱਸਪੀ ਦੇ ਨਾਮ 'ਤੇ ਦੋ ਲੱਖ ਰੁਪਏ ਦੀ ਠੱਗੀ ਮਾਰ ਲਈ। ਐੱਸਐੱਸਪੀ ਕਪੂਰਥਲਾ ਸਤਿੰਦਰ ਸਿੰਘ ਨੇ ਕਿਹਾ ਕਿ ਦੋਸ਼ੀ ਸੁਲੱਖਨ ਸਿੰਘ ਨੂੰ ਗਿ੍ਫਤਾਰ ਕਰ ਲਿਆ ਹੈ। ਉਸ ਤੋਂ ਇੱਕ ਲੱਖ ਰੁਪਏ ਦੀ ਰਕਮ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਕੰਮ ਵਿੱਚ ਕੁੱਝ ਹੋਰ ਲੋਕ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਬੇਨਕਾਬ ਕਰਨ ਲਈ ਪੁਲਿਸ ਜਾਂਚ ਕਰ ਰਹੀ ਹੈ ਛੇਤੀ ਹੀ ਉਨ੍ਹਾਂ ਨੂੰ ਵੀ ਪੁਲਿਸ ਦੀ ਹਿਰਾਸਤ ਵਿੱਚ ਲਿਆ ਜਾਵੇਗਾ।