* ਫਗਵਾੜਾ ਦੇ ਐੱਸਡੀਐੱਮ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਵਧ ਰਹੀਆਂ ਚਿੰਤਾਂ ਦੀਆਂ ਲਕੀਰਾਂ

* ਲੋਕਾਂ ਦੀ ਮੰਗ, ਸਰਕਾਰੀ ਦਫ਼ਤਰਾਂ ਨੂੰ ਫਿਰ ਤੋਂ ਲਾਕਡਾਊਨ ਕਰਨਾ ਚਾਹੀਦੈ

ਜੇਐੱਨਐੱਨ, ਕਪੂਰਥਲਾ : ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋਕਾਂ ਨੂੰ ਕੋਵਿਡ-19 ਪ੍ਰਤੀ ਜਾਗਰੂਕ ਕਰਨ ਲਈ ਡਿਊਟੀ ਪੂਰੀ ਮੁਸਤੈਦੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਕੋਰੋਨਾ ਦੇ ਪ੍ਰਭਾਵਾਂ ਤੋਂ ਡੋਰ-ਟੂ-ਡੋਰ, ਬੈਠਕਾਂ ਕਰ ਕੇ, ਸੰਦੇਸ਼ਾਂ, ਸੋਸ਼ਲ ਮੀਡੀਆ ਤੇ ਹੋਰ ਸਰੋਤਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂਕਿ ਲੋਕ ਇਸ ਬਿਮਾਰੀ ਤੋਂ ਬਚ ਸਕਣ, ਜੋ ਕਿ ਕਾਫੀ ਹੱਦ ਤਕ ਕਾਰਗਾਰ ਵੀ ਸਾਬਤ ਹੋਇਆ ਹੈ, ਪਰ ਕੋਰੋਨਾ ਮਹਾਰੀ ਅਜਿਹੀ ਹੈ, ਜੋ ਕਿ ਕਿਸੇ ਨੂੰ ਵੀ ਆਪਣੀ ਚੰਗੁਲ 'ਚ ਲੈ ਸਕਦੀ ਹੈ। ਇਸੇ ਤਹਿਤ ਆਮ ਲੋਕਾਂ ਦੇ ਬਾਅਦ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੋਰੋਨਾ ਤੋਂ ਪੀੜਤ ਹੋਣਾ ਇਕ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ, ਕਿਉਂਕਿ ਜੇਕਰ ਕੋਰੋਨਾ ਨਾਲ ਲੜਨ ਵਾਲੇ ਯੋਧਾ ਹੀ ਇਨ੍ਹਾਂ ਬਿਮਾਰੀਆਂ ਦੀ ਲਪੇਟ 'ਚ ਆ ਕੇ ਪੀੜਤ ਹੋ ਜਾਣਗੇ, ਤਾਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣਾ ਨਾਮੁਮਕਿਨ ਜਿਹਾ ਹੋ ਜਾਵੇਗਾ। ਉਂਝ ਤਾਂ ਪ੍ਰਸ਼ਾਸਨ ਅਧਿਕਾਰੀ, ਪੁਲਿਸ ਕਰਮਚਾਰੀ, ਡਾਕਟਰ ਤੇ ਕੋਰੋਨਾ ਯੋਧਾ ਆਪਣਾ ਘਰ-ਬਾਰ ਛੱਡ ਕੇ ਦਿਨ-ਰਾਤ ਡਿਊਟੀ ਕਰ ਕੇ ਲੋਕਾਂ ਦੀ ਸੁਰੱਖਿਆ ਲਈ ਚੱਟਾਨ ਬਣ ਕੇ ਖੜ੍ਹੇ ਹਨ ਤੇ ਸਰਕਾਰੀ ਹਸਪਤਾਲਾਂ 'ਚ ਵੀ ਡਾਕਟਰ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਪੂਰੀ ਸ਼ਿੱਦਤ ਨਾਲ ਕਰ ਰਹੇ ਹਨ, ਤਾਂਕਿ ਇਸ ਦੇਸ਼ ਨੂੰ ਕੋਰੋਨਾ ਤੋਂ ਮੁਕਤ ਬਣਾਇਆ ਜਾ ਸਕੇ ਤੇ ਦੇਸ਼ ਦੀ ਭੱਜ-ਨੱਠ ਫਿਰ ਤੋਂ ਪੱਟੜੀ 'ਤੇ ਆ ਸਕੇ। ਸਮਾਂ ਆਪਣੀ ਰਫ਼ਤਾਰ ਨਾਲ ਚੱਲ ਰਿਹਾ ਹੈ ਤੇ ਮਹਾਮਾਰੀ ਫੈਲਣ ਦੇ ਬਾਅਦ ਲਾਕਡਾਊਨ ਦਾ ਸਮਾਂ ਵੀ 3 ਮਹੀਨੇ ਤੋਂ ਵੀ ਉਪਰ ਦਾ ਹੋ ਚੁੱਕਿਆ ਹੈ, ਪਰ ਹਾਲੇ ਤਕ ਪੰਜਾਬ 'ਚ ਲਾਕਡਾਊਨ ਖ਼ਤਮ ਨਹੀਂ ਹੋ ਪਾਇਆ ਤੇ ਮਰੀਜ਼ਾਂ ਦੀ ਜਿੱਥੇ ਗਿਣਤੀ ਵੱਧ ਰਹੀ ਹੈ, ਉਥੇ ਡਾਕਟਰਾਂ ਦੀ ਮਿਹਨਤ ਨਾਲ ਕੋਰੋਨਾ ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਵਾਪਸ ਪਰਤ ਰਹੇ ਹਨ ਪਰ ਅੱਜ ਸਮਾਂ ਉਹ ਆ ਚੁੱਕਿਆ ਹੈ ਕਿ ਜਦੋਂ ਦੇਸ਼ ਭਰ 'ਚ ਸੱਤ ਲੱਖ ਤੋਂ ਵੱਧ ਤੇ ਪੰਜਾਬ 'ਚ ਸੱਤ ਹਜ਼ਾਰ ਤੋਂ ਵੱਧ ਕੋਰੋਨਾ ਪੀੜਤਾਂ ਦਾ ਅੰਕੜਾ ਪੁੱਜ ਚੁੱਕਿਆ ਹੈ ਤੇ 178 ਮੌਤਾਂ ਹੋ ਚੁੱਕੀਆਂ ਹਨ, ਪਰ ਇਸ ਸਮੇਂ ਡਿਪਟੀ ਕਮਿਸ਼ਨਰ ਤੋਂ ਲੈ ਕੇ ਐੱਸਐੱਸਪੀ ਰੈਂਕ ਤਕ ਦੇ ਅਧਿਕਾਰੀਆਂ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ਮਗਰੋਂ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਹੈ। ਫਗਵਾੜਾ ਦੇ ਐੱਸਡੀਐੱਮ ਦੀ ਰਿਪੋਰ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਜਿੱਥੇ ਫਗਵਾੜਾ ਦੇ ਹਰੇਕ ਅਧਿਕਾਰੀ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰੋਨਾ ਦਾ ਟੈਸਟ ਲਿਆ ਗਿਆ, ਉਥੇ ਹੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀਆਂ ਤੋਂ ਇਲਾਵਾ ਐੱਸਐੱਸਪੀ ਦਫ਼ਤਰ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਕੋਰੋਨਾ ਕੋਵਿਟ-19 ਦੇ ਸੈਂਪਲ ਲਏ ਗਏ ਹਨ। ਸ਼ਹਿਰ ਵਾਸੀ ਗੁਰਦਿਆਲ ਸਿੰਘ, ਅਮਰੀਕ ਸਿੰਘ, ਜਤਿੰਦਰ ਸਿੰਘ, ਕੇਹਰ ਸਿੰਘ, ਪ੍ਰਭਜੋਤ ਸਿੰਘ, ਸੁਖਦੇਵ ਸਿੰਘ ਜੋਸਨ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਵਰਗੀ ਜਾਨਲੇਵਾ ਮਹਾਮਾਰੀ ਤੋਂ ਬਚਣ ਲਈ ਸਰਕਾਰੀ ਦਫ਼ਤਰਾਂ ਨੂੰ ਪੂਰਨ ਤੌਰ 'ਤੇ ਲਗਪਗ ਇਕ ਮਹੀਨੇ ਲਈ ਬੰਦ ਕੀਤਾ ਜਾਵੇ, ਤਾਂਕਿ ਇਕ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ। ਕਪੂਰਥਲਾ ਦੇ ਡੀਸੀ, ਏਡੀਸੀ, ਪੁਲਿਸ ਦੇ ਉੱਚ ਅਧਿਕਾਰੀ, ਪੁਲਿਸ ਮੁਲਾਜ਼ਮ, ਬੈਂਕ ਕਰਮੀ ਦੇ ਕੋਰੋਨਾ ਸੈਂਪਲ ਲਏ ਜਾ ਰਹੇ ਹਨ, ਜਿਨ੍ਹਾਂ 'ਚ ਡੀਸੀ, ਏਡੀਸੀ, ਡੀਐੱਸਪੀ ਤਾਂ ਨੈਗੇਟਿਵ ਪਾਏ ਗਏ, ਪਰ ਗ੍ਰਾਮੀਣ ਬੈਂਕ ਦਾ ਮੈਨੇਜਰ ਇਸ ਬਿਮਾਰੀ ਦਾ ਸ਼ਿਕਾਰ ਹੋ ਗਿਆ। ਜਿਸ ਨਾਲ ਉਸ ਦੇ ਸੰਪਰਕ 'ਚ ਆਉਣ ਵਾਲੇ ਕਈ ਕਰਮਚਾਰੀ ਕੋਰੋਨਾ ਤੋਂ ਪੀੜਤ ਪਾਏ ਗਏ, ਇਸੇ ਤਰ੍ਹਾਂ ਐੱਸਬੀਆਈ ਬੈਂਕ 'ਚ ਕਰਜ਼ਾ ਵਿਭਾਗ 'ਚ ਕੰਮ ਕਰਨ ਵਾਲੀ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਪੂਰੀ ਬੈਂਕ ਦੇ ਕਰਮਚਾਰੀਆਂ ਦੇ ਕੋਰੋਨਾ ਸੈਂਪਲ ਲਏ ਗਏ ਹਨ, ਪਰ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ। ਕੋਰੋਨਾ ਜਾਨਲੇਵਾ ਬਿਮਾਰੀ ਤੋਂ ਬਚਣ ਲਈ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਤੇ ਸਿਹਤ ਵਿਭਾਗ, ਪੁਲਿਸ ਕਰਮੀ ਤੇ ਡਾਕਟਰਾਂ ਦਾ ਸਹਿਯੋਗ ਕੀਤਾ ਜਾਵੇ, ਤਾਂਕਿ ਇਸ ਜਾਨਲੇਵਾ ਬਿਮਾਰੀ ਤੋਂ ਬਚਿਆ ਜਾ ਸਕੇ।