ਵਿਜੇ ਸੋਨੀ, ਫਗਵਾੜਾ : ਲਵਲੀ ਯੂਨੀਵਰਸਿਟੀ ਦੇ ਐੱਨਐੱਸਐੱਸ ਯੂਨਿਟ ਦੇ ਵਿਦਿਆਰਥੀਆਂ ਨੇ ਪਿੰਡ ਪਲਾਹੀ ਵਿਖੇ 5 ਦਿਨਾਂ ਕੈਂਪ ਦੀ ਸ਼ੁਰੂਆਤ ਕੀਤੀ। ਇਸ ਕੈਂਪ ਵਿਚ 80 ਵਿਦਿਆਰਥੀ, ਵਿਦਿਆਰਥਣਾਂ ਹਿੱਸਾ ਲੈ ਰਹੇ ਹਨ। ਲਵਲੀ ਯੂਨੀਵਰਸਿਟੀ ਵਲੋਂ ਪਿੰਡ ਪਲਾਹੀ ਨੂੰ ਗੋਦ ਲਿਆ ਹੋਇਆ ਹੈ ਅਤੇ ਐੱਨਐੱਸਐੱਸ ਯੂਨਿਟ ਵਲੋਂ ਸਮੇਂ-ਸਮੇਂ ਪਿੰਡ ਦੀ ਸਫ਼ਾਈ, ਪੌਦੇ ਲਗਾਉਣਾ, ਸਰਕਾਰੀ ਸਕੂਲ ਵਿਚ ਵਿਦਿਆਰਥੀਆਂ ਦੀ ਸੱਭਿਆਚਾਰਕ ਸਰਗਰਮੀਆਂ ਕਰਾਉਣਾ ਤੇ ਪਿੰਡ ਦੇ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਭਲਾਈ ਸਕੀਮਾਂ ਵਿਚ ਮੱਦਦ ਕਰਨਾ ਆਦਿ ਸ਼ਾਮਲ ਹੈ। ਇਸ ਕੈਂਪ ਦਾ ਉਦਘਾਟਨ ਸਾਂਝੇ ਤੌਰ 'ਤੇ ਮਨੋਹਰ ਸਿੰਘ ਸੱਗੂ ਪੰਚ ਅਤੇ ਸੁਖਵਿੰਦਰ ਸਿੰਘ ਸੱਲ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਬਿਨ੍ਹਾਂ ਪੰਚ ਮਦਨ ਲਾਲ, ਸੁਰਜਨ ਸਿੰਘ ਨੰਬਰਦਾਰ, ਮਨਜੋਤ ਸਿੰਘ ਸੱਗੂ, ਰਣਜੀਤ ਸਿੰਘ ਮੈਨੇਜਰ, ਮੋਹਨ ਸਿੰਘ ਚੇਅਰਮੈਨ, ਭਜਨ ਸਿੰਘ ਸੱਲ, ਤੀਰਥ ਸਿੰਘ ਸੱਲ ਆਦਿ ਹਾਜ਼ਰ ਸਨ। ਵਿਦਿਆਰਥੀਆਂ ਨੇ ਆਪਣੇ ਕੈਂਪ ਕੈਂਪਸ, ਗੁਰਦੁਆਰਾ ਬਾਬਾ ਟੇਕ ਸਿੰਘ ਵਿਖੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਪੂਰੇ ਪਿੰਡ ਦੀਆਂ ਗਲੀਆਂ ਵਿਚੋਂ ਪਲਾਸਟਿਕ ਆਦਿ ਚੁੱਕੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਗੁਰੂ ਤੇਗ ਬਹਾਦਰ ਸਟੇਡੀਅਮ ਦੀਆਂ ਗਰਾਊਂਡਜ਼ ਦੀ ਸਫ਼ਾਈ ਦਾ ਕੰਮ ਵੀ ਕੀਤਾ।