ਵਿਜੇ ਸੋਨੀ,ਫਗਵਾੜਾ : ਆਦਮਪੁਰ ਏਅਰਪੋਰਟ ਵਿਖੇ ਨਵੇਂ ਉਸਾਰੇ ਜਾਣ ਵਾਲੇ ਟਰਮੀਨਲ ਦਾ ਜਾਇਜ਼ਾ ਲੈਂਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਇਸ ਟਰਮੀਨਲ ਦੇ ਬਣਨ ਨਾਲ ਆਦਮਪੁਰ ਏਅਰਪੋਰਟ ਤੋਂ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਲਈ ਇਹ ਟਰਮੀਨਲ ਖਾਸ ਸਹੂਲਤ ਹੋਵੇਗੀ। ਸੋਮ ਪ੍ਰਕਾਸ਼ ਨੇ ਆਦਮਪੁਰ ਏਅਰਪੋਰਟ ਇਸ ਪੋ੍ਜੈਕਟ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਪੋ੍ਜੈਕਟ 40 ਏਕੜ ਵਿੱਚ ਉਸਾਰਿਆ ਜਾਵੇਗਾ। ਜਿਸ ਦੀ ਲਾਗਤ 96 ਕਰੋੜ ਰੁਪਏ ਆਵੇਗੀ। ਇਸ ਤੋਂ ਇਲਾਵਾ ਇਸ ਨਾਲ ਸਬੰਧਤ ਬਣਾਏ ਜਾਣ ਵਾਲੇ ਐਪਰਨ ਦੀ ਲਾਗਤ 8.70 ਕਰੋੜ ਰੁਪਏ ਆਵੇਗੀ। ਇਸ ਦੇ ਨਾਲ ਲੰਕਿ ਟੈਕਸੀ ਟਰੈਕ ਬਣਾਇਆ ਜਾਵੇਗਾ ਜਿਸ ਦੀ ਲਾਗਤ 5.70 ਕਰੋੜ ਰੁਪਏ ਆਵੇਗੀ। ਇਸ ਪ੍ਰੌਜੈਕਟ ਦੀ ਕੁੱਲ ਲਾਗਤ 110.04 ਕਰੋੜ ਆਵੇਗੀ।ਆਦਮਪੁਰ ਏਅਰਪੋਰਟ ਨੂੰ ਜਾਣ ਵਾਲੇ ਰੋਡ ਦੇ ਨਿਰਮਾਣ ਬਾਰੇ ਕੇਂਦਰੀ ਮੰਤਰੀ ਨੇ ਜਾਣੂ ਕਰਵਾਉਂਦਿਆਂ ਕਿਹਾ ਕਿ ਜਲੰਧਰ ਹੁਸ਼ਿਆਰਪੁਰ ਹਾਈਵੇ ਤੋਂ ਆਦਮਪੁਰ ਏਅਰਪੋਰਟ ਰੋਡ ਦੀ ਖਸਤਾ ਹਾਲਤ ਕਾਰਨ ਇਸ ਰੋਡ ਨੂੰ ਬਣਾਉਣ ਦੀ ਮੰਗ ਕਾਫੀ ਦੇਰ ਤੋਂ ਉੱਠ ਰਹੀ ਸੀ। ਉਨਾਂ੍ਹ ਕਿਹਾ ਕਿ ਇਹ ਰੋਡ ਬਹੁਤ ਜਲਦ ਤਿਆਰ ਕੀਤਾ ਜਾਵੇਗਾ। ਜਲੰਧਰ ਹੁਸ਼ਿਆਰਪੁਰ ਤੋਂ ਆਦਮਪੁਰ ਏਅਰਪੋਰਟ ਨੂੰ ਜਾਣ ਵਾਲੀ ਇਸ ਸੜਕ ਦੀ ਲੰਬਾਈ 5.55 ਕਿੱਲੋਮੀਟਰ ਹੈ ਅਤੇ ਇਹ ਰੋਡ ਲਗਭਗ 41.40 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ। ਇਸ ਰੋਡ ਦੇ ਬਣਨ ਨਾਲ ਜਿੱਥੇ ਏਅਰਪੋਰਟ ਨੂੰ ਜਾਣ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ ਉੱਥੇ ਹੀ ਇਸ ਰੋਡ ਦੇ ਆਸ ਪਾਸ ਵਾਲੇ ਪਿੰਡਾਂ ਨੂੰ ਇਹ ਰੋਡ ਬਣਨ ਨਾਲ ਬਹੁਤ ਫਾਇਦਾ ਮਿਲੇਗਾ। ਸੋਮ ਪ੍ਰਕਾਸ਼ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਦੇਸ਼ ਵਿੱਚ ਚੱਪਲ ਪਾਉਣ ਵਾਲਾ ਵਿਅਕਤੀ ਵੀ ਜਹਾਜ਼ ਵਿੱਚ ਸਫਰ ਕਰ ਸਕੇ। ਉਸੇ ਸੁਪਨੇ ਨੂੰ ਪੂਰਾ ਕਰਨ ਲਈ ਉਡਾਨ ਸਕੀਮ ਰਾਹੀਂ ਦੇਸ਼ ਵਿੱਚ ਸੰਪਰਕ ਨੂੰ ਵਧਾਇਆ ਜਾ ਰਿਹਾ। ਦੇਸ਼ ਦੇ ਅਜ਼ਾਦ ਹੋਣ ਤੋਂ ਲੈਕੇ 2014 ਤੱਕ ਪੂਰੇ ਦੇਸ਼ ਵਿੱਚ ਸਿਰਫ 74 ਏਅਰਪੋਰਟ ਸਨ। ਮੋਦੀ ਸਰਕਾਰ ਨੇ ਕੇਵਲ ਆਪਣੇ ਕਾਰਜਕਾਲ ਵਿੱਚ ਹੀ 74 ਹੋਰ ਨਵੇਂ ਏਅਪੋਰਟਾਂ ਦਾ ਨਿਰਮਾਣ ਕਰਕੇ ਦੇਸ਼ ਵਿੱਚ ਏਅਰਪੋਰਟਾਂ ਦੀ ਸੰਖਿਆ 148 ਕਰ ਦਿੱਤੀ ਹੈ। ਉਨਾਂ੍ਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਮਕਸਦ ਧਰਤੀ ਅਤੇ ਅਕਾਸ਼ ਹਰੇਕ ਪੱਖੋ ਦੇਸ਼ ਨੂੰ ਜੋੜਨਾ ਹੈ।