14ਕੇਪੀਟੀ5ਪੀ

ਪਿੰਡ ਮਾਇੳਪੱਟੀ ਵਿਖੇ ਨਵੀਂ ਗਲੀ ਸੀਵਰੇਜ ਸਮੇਤ ਬਣਾਉਣ ਦੀ ਮੰਗ ਕਰਦੇ ਅੱਛਰ ਸਿੰਘ ਮਾਇੳਪੱਟੀ ਤੇ ਹੋਰ।

ਕਿਰਪਾਲ ਸਿੰਘ, ਪਾਂਸ਼ਟਾ

ਪਿੰਡ ਮਾਇਓਪੱਟੀ ਵਿਖੇ ਇੰਟਰਲਾਕ ਇੱਟਾਂ ਨਾਲ ਬਣਾਈ ਜਾ ਰਹੀ ਨਵੀਂ ਗਲੀ ਸੀਵਰੇਜ ਸਮੇਤ ਬਣਾਉਣ ਦੀ ਮੰਗ ਪਿੰਡ ਵਾਸੀਆਂ ਨੇ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਅੱਛਰ ਸਿੰਘ ਮਾਇਓਪੱਟੀ, ਲਾਲ ਸਿੰਘ ਪਰਮਾਰ ਅਤੇ ਚਰਨਜੀਤ ਸਿੰਘ ਪਰਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਗਲੀਆਂ ਬਣ ਰਹੀਆਂ ਹਨ ਅਤੇ ਇਕ ਗਲੀ ਵਿਚ ਗੰਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਕਰਨ ਲਈ ਜ਼ਮੀਨ 'ਚ ਪਾਈਪਾਂ ਪਾ ਕੇ ਗਲੀ ਬਣ ਚੁੱਕੀ ਹੈ ਅਤੇ ਜਿਸ ਗਲੀ ਵਿਚ ਉਹਨਾਂ ਦੇ ਘਰ ਹਨ। ਉਸ ਗਲੀ ਵਿੱਚ ਗੰਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਵੇ, ਇਸ ਲਈ ਕੁਝ ਵਿਅਕਤੀ ਜ਼ਮੀਨ 'ਚ ਪਾਈਪਾਂ ਪਾਉਣ ਤੋਂ ਰੋਕ ਰਹੇ ਹਨ। ਜਿਸ ਨਾਲ ਬਰਸਾਤੀ ਮੌਸਮ ਵਿਚ ਬਰਸਾਤ ਦਾ ਪਾਣੀ ਅਤੇ ਘਰੇਲੂ ਗੰਦਾ ਪਾਣੀ ਗਲੀ ਵਿਚ ਖੜ੍ਹਾ ਬਦਬੂ ਦਾਰ ਮਾਹੌਲ ਬਣਾਕੇ ਮੱਛਰ, ਮੱਖੀਆਂ ਅਤੇ ਹੋਰ ਜ਼ਹਿਰੀਲੇ ਕੀੜੇ ਮਕੌੜੇ ਪੈਦਾ ਕਰਦਾ ਹੈ। ਜਿਸ ਨਾਲ ਮਲੇਰੀਆ, ਡੇਂਗੂ ਅਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਜਾਂਦਾ ਹੈ। ਜਿਸ ਕਰਕੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਗਲੀ ਬਿਨਾ ਜ਼ਮੀਨ ਦੋਜ ਪਾਈਪਾਂ ਪਾਕੇ ਬਣਾ ਦਿੱਤੀ ਗਈ ਤਾਂ ਵੀ ਘਰਾਂ ਵਿੱਚੋਂ ਨਿਕਲਦੇ ਗੰਦੇ ਪਾਣੀ ਦੇ ਖੜ੍ਹੇ ਰਹਿਣ ਨਾਲ ਮੱਛਰ ਮੱਖੀਆਂ ਪੈਂਦਾ ਹੋਣਗੇ। ਉਹਨਾਂ ਦੱਸਿਆ ਕਿ ਜਿਹੜੇ ਵਿਅਕਤੀ ਪਾਈਪਾਂ ਪਾਉਣ ਤੋਂ ਰੋਕ ਰਹੇ ਹਨ, ਉਕਤ ਵਿਅਕਤੀਆਂ ਦੇ ਘਰ ਪਹਿਲਾਂ ਆਉਂਦੇ ਹਨ। ਜਿਸ ਕਰਕੇ ਸਾਰਾ ਗੰਦਾ ਪਾਣੀ ਆਖਰੀ ਘਰਾਂ ਪਾਸ ਗਲੀ ਵਿਚ ਖੜ੍ਹਾ ਹੋ ਕੇ ਉਹਨਾਂ ਦਾ ਘਰਾਂ ਵਿਚੋਂ ਨਿਕਲਣਾ ਮੁਸ਼ਕਿਲ ਕਰ ਦਿੰਦਾ ਹੈ। ਇਸ ਮੌਕੇ ਅੱਛਰ ਸਿੰਘ ਮਾਇਓਪੱਟੀ, ਲਾਲ ਸਿੰਘ ਪਰਮਾਰ ਅਤੇ ਚਰਨਜੀਤ ਸਿੰਘ ਪਰਮਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਗਲੀ ਵੀ ਸਰਕਾਰ ਦੀ ਸਕੀਮ ਤਹਿਤ ਸੀਵਰੇਜ ਪਾਕੇ ਬਣਾਈ ਜਾਵੇ ਤਾਂ ਜੋ ਉਹਨਾਂ ਨੂੰ ਵੀ ਗੰਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋਣ 'ਤੇ ਰਾਹਤ ਮਿਲ ਸਕੇ।