ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਸ਼ਹਿਰ ਦਾ ਸਦਰ ਬਾਜ਼ਾਰ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਆਏ ਦਿਨ ਤੰਗ ਹੁੰਦਾ ਜਾ ਰਿਹਾ ਹੈ। ਜਿਸ ਨਾਲ ਪੈਦਲ ਚੱਲਣ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦੇ ਨਾਲ-ਨਾਲ ਜਾਮ ਵਿਚ ਘੰਟਿਆਂ ਫਸੇ ਰਹਿਣਾ ਪੈਂਦਾ ਹੈ। ਲੱਗਭਗ 15 ਫੁੱਟ ਦੀ ਸੜਕ ਨਾਜਾਇਜ਼ ਕਬਜ਼ਿਆਂ ਕਾਰਨ 8 ਫੁੱਟ ਤੋਂ ਵੀ ਘੱਟ ਰਹਿ ਗਈ ਹੈ। ਬਾਜ਼ਾਰ ਵਿਚ ਤੇਜ਼ ਰਫਤਾਰ ਦੌੜਣ ਵਾਲੇ ਦੋ ਪਹੀਆ ਵਾਹਨਾਂ ਦੇ ਕਾਰਨ ਰਾਹਗੀਰ ਹਾਦਸਿਆਂ ਦਾ ਸ਼ਿਕਾਰ ਬਣ ਚੁੱਕੇ ਹਨ। ਇਸ ਦੇ ਬਾਵਜੂਦ ਨਾ ਤਾਂ ਪ੍ਰਸ਼ਾਸਨ ਤੇ ਨਾ ਹੀ ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਜੇਕਰ ਕਦੇ ਕੋਈ ਕਾਰਵਾਈ ਕੀਤੀ ਵੀ ਜਾਂਦੀ ਹੈ ਤਾਂ ਉਹ ਵੀ ਖਾਨਾਪੂਰਤੀ ਤੱਕ ਹੀ ਸੀਮਿਤ ਰਹਿੰਦੀ ਹੈ। ਇਸ ਦੇ ਬਾਅਦ ਦੁਕਾਨਦਾਰ ਦੋਬਾਰਾ ਬੇਖੋਫ ਹੋ ਕੇ ਆਪਣੀਆਂ ਦੁਕਾਨਾਂ ਦਾ ਸਮਾਨ ਬਾਹਰ ਰੱਖ ਲੈਂਦੇ ਹਨ। ਰੇਹੜੀ ਅਤੇ ਫੜੀ ਵਾਲੇ ਵੀ ਸਦਰ ਬਾਜ਼ਾਰ ਵਿਚ ਆਪਣਾ ਕਬਜ਼ਾ ਜਮਾਈ ਬੈਠੇ ਹਨ। ਚੰਦ ਰੁਪਏ ਦੇ ਖਾਤਰ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਰੇਹੜੀ ਅਤੇ ਫੜੀ ਲਗਾ ਕੇ ਨਾਜਾਇਜ਼ ਕਬਜ਼ਿਆਂ ਨੂੰ ਵਾਧਾ ਦੇ ਰਹੇ ਹਨ। ਪਰ ਜੇਕਰ ਨਗਰ ਨਿਗਮ ਕਾਰਵਾਈ ਕਰਦਾ ਵੀ ਹੈ ਤਾਂ ਦੁਕਾਨਦਾਰਾਂ ਨੂੰ ਪਹਿਲਾ ਹੀ ਕਿਸੇ ਨਗਰ ਨਿਗਮ ਦੇ ਕਰਮਚਾਰੀ ਵਲੋਂ ਸੂਚਨਾ ਦੇ ਦਿੱਤੀ ਜਾਂਦੀ ਹੈ ਅਤੇ ਦੁਕਾਨਦਾਰ ਆਪਣਾ ਸਮਾਨ ਚੁੱਕ ਕੇ ਦੁਕਾਨਾਂ ਅੰਦਰ ਰੱਖ ਲੈਂਦੇ ਹਨ। ਨਗਰ ਨਿਗਮ ਦੇ ਅਧਿਕਾਰੀਆਂ ਦੇ ਜਾਣ ਤੋਂ ਬਾਅਦ ਦੁਕਾਨਦਾਰ ਫਿਰ ਨਾਜਾਇਜ਼ ਕਬਜ਼ੇ ਕਰ ਲੈਂਦੇ ਹਨ। ਜਿਸ ਨਾਲ ਪੈਦਲ ਚੱਲਣ ਵਾਲੇ ਲੋਕਾਂ ਨੂੰ ਜਾਮ ਵਰਗੀਆਂ ਪ੍ਰਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਜੇਕਰ ਕੋਈ ਸਖਤ ਕਾਰਵਾਈ ਕੀਤੀ ਗਈ ਤਾਂ ਤੰਗ ਬਾਜ਼ਾਰ ਖੁੱਲੇ ਅਤੇ ਸਾਫ-ਸੁਥਰੇ ਬਣ ਜਾਣਗੇ। ਕੁੱਝ ਸਾਲ ਪਹਿਲਾਂ ਹਿਊਮਨ ਰਾਈਟਸ ਪ੍ਰਰੈਸ ਕਲੱਬ ਸ਼ਹਿਰ ਦੇ ਵੱਧਦੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਦੇਖਦੇ ਹੋਏ ਲੋਕ ਅਦਾਲਤ ਵਿਚ ਰਿਟ ਪਾ ਕੇ ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਬਣਾਉਣ ਦੀ ਅਪੀਲ ਕੀਤੀ ਗਈ ਸੀ, ਉਦੋਂ ਲੋਕ ਅਦਾਲਤ ਦੀ ਜੱਜ ਮੰਜੂ ਰਾਣਾ ਨੇ ਸੜਕਾਂ 'ਤੇ ਉਤਰ ਕੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਖਤ ਕਾਰਵਾਈ ਕਰਕੇ ਦੁਕਾਨਦਾਰਾਂ ਨੂੰ ਭਾਰੀ ਜੁਰਮਾਨਾ ਕਰਕੇ ਨਗਰ ਕੌਂਸਲ ਦੀ ਆਮਦਨ 'ਚ ਵਾਧਾ ਕੀਤਾ ਸੀ ਤੇ ਦੁਕਾਨਾਂ ਦੇ ਬਾਹਰ ਬਣਾਏ ਸਲੈਬ ਵੀ ਤੁੜਵਾ ਦਿੱਤੇ ਸਨ। ਜਿਸ ਨਾਲ ਸ਼ਹਿਰ ਦੇ ਸਾਰੇ ਬਾਜ਼ਾਰ ਖੁੱਲੇ ਅਤੇ ਚੌੜੇ ਨਜ਼ਰ ਆਉਣ ਲੱਗੇ ਸਨ। ਨਾਜਾਇਜ਼ ਕਬਜ਼ਿਆਂ ਤੋਂ ਕਾਫੀ ਰਾਹਤ ਮਿਲੀ ਸੀ। ਜੱਜ ਦਾ ਤਬਾਦਲਾ ਹੋਣ ਤੋਂ ਬਾਅਦ ਲੋਕਾਂ ਨੇ ਬਿਨਾਂ ਡਰ ਫਿਰ 5 ਤੋਂ 7 ਫੁੱਟ ਤੱਕ ਕਬਜ਼ੇ ਕਰਕੇ ਨਾਜਾਇਜ਼ ਕਬਜ਼ਿਆਂ ਨੂੰ ਵਾਧਾ ਕੀਤਾ। ਇਸ ਸਬੰਧੀ ਪੰਜਾਬੀ ਜਾਗਰਣ ਨੇ ਸ਼ਹਿਰ ਦੇ ਮੁੱਖ ਬਾਜ਼ਾਰ ਸਦਰ ਬਾਜ਼ਾਰ, ਸਰਾਫ ਬਾਜ਼ਾਰ, ਬਰਤਨ ਬਾਜ਼ਾਰ, ਮੱਛੀ ਚੌਂਕ, ਜਲੋਖਾਨਾ ਚੌਂਕ ਆਦਿ ਵਿਚ ਨਾਜਾਇਜ਼ ਕਬਜ਼ਿਆਂ ਦੇ ਕਾਰਨ ਅਕਸਰ ਲੋਕਾਂ ਨੂੰ ਜਾਮ ਵਿਚ ਫਸਦੇ ਹੋਏ ਦੇਖਿਆ ਗਿਆ। ਇਸ ਬਾਰੇ ਦਿਨੇਸ਼ ਗੁਪਤਾ, ਕ੍ਰਿਸ਼ਨ ਗੋਪਾਲ, ਪਰਮਜੀਤ ਸਿੰਘ, ਆਸ਼ੂ ਵਰਮਾ, ਕਰਨ ਕੁਮਾਰ, ਦਵਿੰਦਰ ਸਿੰਘ, ਜੋਗਿੰਦਰ ਸਿੰਘ, ਸੰਦੀਪ ਸਿੰਘ, ਅਸ਼ੋਕ ਕੁਮਾਰ, ਪਵਨ ਕੁਮਾਰ, ਸੰਜੀਵ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਕਾਫੀ ਲੰਬੇ ਸਮੇਂ ਤੋਂ ਦੁਕਾਨਦਾਰਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਨਹੀਂ ਕੀਤੀ। ਜਿਸ ਨਾਲ ਦੁਕਾਨਦਾਰਾਂ ਦੇ ਹੌਂਸਲੇ ਬੁਲੰਦ ਹਨ। ਜੇਕਰ ਨਗਰ ਨਿਗਮ ਦੁਕਾਨਦਾਰਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕਰੇ ਤਾਂ ਸ਼ਹਿਰ ਦੇ ਸਾਰੇ ਬਾਜ਼ਾਰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਹੋ ਸਕਦੇ ਹਨ। ਜਿਸ ਨਾਲ ਆਮ ਜਨਤਾ ਨੂੰ ਟਰੈਫਿਕ ਦੀ ਸਮੱਸਿਆਂ ਤੋਂ ਪ੍ਰਰੇਸ਼ਾਨ ਨਹੀਂ ਹੋਣਾ ਪਵੇਗਾ। ਦੂਜੇ ਪਾਸੇ ਟਰੈਫਿਕ ਸਮੱਸਿਆਂ 'ਤੇ ਕਾਬੂ ਪਾਉਣ ਲਈ ਪੀਸੀਆਰ ਅਤੇ ਟਰੈਿਫ਼ਕ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਦੀ, ਜਿਸ ਨਾਲ ਦਿਨੋਂ-ਦਿਨ ਨਾਜਾਇਜ਼ ਕਬਜ਼ਿਆਂ ਕਾਰਨ ਜਾਮ ਦੀ ਸਮੱਸਿਆਂ ਵੱਧਦੀ ਜਾ ਰਹੀ ਹੈ। ਇਸ ਸਬੰਧੀ ਜਦੋਂ ਨਗਰ ਨਿਗਮ ਦੇ ਈਓ ਆਦਰਸ਼ ਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਟੀਮਾਂ ਵਲੋਂ ਦੁਕਾਨਦਾਰਾਂ ਨੂੰ ਪੁਲਿਸ ਦੀ ਸਹਾਇਤਾ ਨਾਲ ਆਪਣੇ ਸਮਾਨ ਆਪਣੇ ਦਾਇਰੇ ਵਿਚ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ। ਪਰ ਇਸ ਦੇ ਬਾਵਜੂਦ ਵੀ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ਿਆਂ ਨੂੰ ਵਾਧਾ ਦਿੱਤਾ ਹੈ ਤਾਂ ਉਨ੍ਹਾਂ ਦਾ ਸਮਾਨ ਜਬਤ ਕਰ ਲਿਆ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਦੇ ਚਲਾਨ ਕੱਟ ਕੇ ਭਾਰੀ ਜੁਰਮਾਨਾ ਵੀ ਕੀਤਾ ਜਾਵੇਗਾ।