ਰਘਬਿੰਦਰ ਸਿੰਘ / ਸਰਬੱਤ ਸਿੰਘ, ਨਡਾਲਾ : ਰੋਜ਼ੀ ਰੋਟੀ ਦੀ ਖਾਤਰ ਆਪਣੇ ਚੰਗੇ ਭਵਿੱਖ ਲਈ ਕਰੀਬ ਅੱਠ ਸਾਲ ਪਹਿਲਾਂ ਨਡਾਲਾ (ਕਪੂਰਥਲਾ) ਤੋਂ ਅਮਰੀਕਾ ਗਏ 28 ਸਾਲਾ ਨਡਾਲਾ ਨਿਵਾਸੀ ਦੀ ਦਿਲ ਦਾ ਦੌਰਾ ਪੈਣ ਕਾਰਨ ਫਰਿਜਨੋ (ਕੈਲੀਫੋਰਨੀਆ) ਵਿੱਚ ਮੌਤ ਹੋ ਗਈ। ਗੁਰਪ੍ਰੀਤ ਸਿੰਘ ਵਾਲੀਆ ਉਰਫ ਗੋਪੀ ਪੁੱਤਰ ਨੰਬਰਦਾਰ ਬਲਵਿੰਦਰਜੀਤ ਸਿੰਘ ਵਾਲੀਆਂ ਦੀ ਮੌਤ ਦੀ ਖਬਰ ਨਾਲ ਨਡਾਲਾ ਵਿੱਚ ਸੋਗ ਦੀ ਲਹਿਰ ਦੌੜ ਗਈ।

ਪਰਿਵਾਰਕ ਮੈਂਬਰਾਂ ਤੋ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਾਲ 1991 ਵਿੱਚ ਜਨਮੇ ਗੁਰਪ੍ਰੀਤ ਸਿੰਘ ਉਰਫ ਗੋਪੀ ਆਪਣੇ ਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਕਰੀਬ ਅੱਠ ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਉਥੇ ਉਸਨੇ ਚੰਗੀ ਮਿਹਨਤ ਕਰਕੇ ਪੱਕੇ ਹੋਣ ਲਈ ਕੇਸ ਫਾਇਲ ਕੀਤਾ ਅਤੇ ਕੇਸ ਪਾਸ ਵੀ ਹੋ ਗਿਆ ਸੀ ਪਰ ਅਜੇ ਤੱਕ ਪੱਕੇ ਕਾਗਜ਼ ਨਹੀਂ ਮਿਲੇ ਸਨ।

ਇਸੇ ਦੌਰਾਨ ਕਰੀਬ ਤਿੰਨ ਦਿਨ ਪਹਿਲਾਂ ਗੁਰਪ੍ਰੀਤ ਨੂੰ ਹਾਰਟ ਅਟੈਕ ਆਇਆ। ਹਾਰਟ ਅਟੈਕ ਹੋਣ ਉਪਰੰਤ ਉਸਨੂੰ ਇਲਾਜ ਲਈ ਕਮਿਊਨਿਟੀ ਰਿਜਨਲ ਮੈਡੀਕਲ ਸੈਂਟਰ ਫਰਿਜਨੋ (ਕੈਲੀਫੋਰਨੀਆ) ਵਿਚ ਭਰਤੀ ਕਰਾਇਆ ਗਿਆ ਪਰ ਬਦਕਿਸਮਤੀ ਨਾਲ ਉਸਦੀ ਭਾਰਤੀ ਸਮੇਂ ਮੁਤਾਬਿਕ ਸਵੇਰੇ 4:00 ਵਜੇ ਮੌਤ ਹੋ ਗਈ।

Posted By: Tejinder Thind