ਪੰਜਾਬੀ ਜਾਗਰਣ ਟੀਮ, ਫਗਵਾੜਾ :

ਫਗਵਾੜਾ ਸ਼ਹਿਰ ਦੇ ਮੁਹੱਲਾ ਪੀਪਾਰੰਗੀ, ਸ਼ਾਮ ਨਗਰ, ਸ਼ਿਵਪੁਰੀ ਇਲਾਕੇ ਦੇ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਗੰਭੀਰ ਹਾਲਤ ਵਿਚ ਲਿਆਂਦਾ ਗਿਆ। ਇਕਦਮ ਜ਼ਿਆਦਾ ਗਿਣਤੀ 'ਚ ਮਰੀਜ਼ਾਂ ਦੇ ਸਿਵਲ ਹਸਪਤਾਲ ਵਿਖੇ ਪੁੱਜਣ ਨਾਲ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨਾਂ੍ਹ ਦੇ ਮੁਹੱਲੇ ਵਿਚ ਟੈਂਕੀ ਰਾਹੀਂ ਆ ਰਹੇ ਪਾਣੀ ਨੂੰ ਪੀਣ ਨਾਲ ਲੋਕ ਬਿਮਾਰ ਹੋਣੇ ਸ਼ੁਰੂ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਲ਼ਿਆਂਦਾ ਜਿਥੇ ਉਹ ਜ਼ੇਰੇ ਇਲਾਜ ਹਨ। ਡਿਊਟੀ 'ਤੇ ਤਾਇਨਾਤ ਡਾਕਟਰ ਮੁਤਾਬਕ ਉਨਾਂ੍ਹ ਕੋਲ ਲਗਾਤਾਰ 19 ਮਰੀਜ਼ ਭਰਤੀ ਹੋਣ ਲਈ ਆਏ ਅਤੇ ਕੁਝ ਇਕ ਨੂੰ ਹਾਲਤ ਗੰਭੀਰ ਹੋਣ ਕਾਰਨ ਰੈਫਰ ਵੀ ਕਰ ਦਿੱਤਾ ਗਿਆ।

ਉਨਾਂ੍ਹ ਦੱਸਿਆ ਕਿ ਜ਼ਿਆਦਾਤਰ ਮਰੀਜ਼ ਉਲਟੀਆਂ ਤੇ ਪਖਾਨਿਆਂ ਦੀ ਸਮੱਸਿਆ ਕਾਰਨ ਸਿਵਲ ਹਸਪਤਾਲ ਵਿਖੇ ਭਰਤੀ ਹੋਏ। ਉਨਾਂ੍ਹ ਦੱਸਿਆ ਕਿ ਇਸ ਇਹ ਬਿਮਾਰੀ ਖਾਣ ਪੀਣ ਨਾਲ ਹੀ ਜ਼ਿਆਦਾਤਰ ਹੁੰਦੀ ਹੈ। ਉਸ ਇਲਾਕੇ ਦੇ ਪਾਣੀ ਦੀ ਜਾਂਚ ਤੋਂ ਬਾਅਦ ਹੀ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।

ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਦੇ ਅਧਿਕਾਰੀ ਪ੍ਰਦੀਪ ਚਟਾਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ੍ਹ ਦੱਸਿਆ ਕਿ ਉਨਾਂ੍ਹ ਦੇ ਧਿਆਨ ਵਿੱਚ ਹੁਣੇ ਹੀ ਇਹ ਮਾਮਲਾ ਆਇਆ ਹੈ। ਉਨਾਂ੍ਹ ਵੱਲੋਂ ਟੀਮਾਂ ਬਣਾ ਕੇ ਸ਼ਾਮ ਨਗਰ ਪੀਪਾ ਰੰਗੀ ਸ਼ਿਵਪੁਰੀ ਇਲਾਕੇ ਵਿੱਚ ਭੇਜ ਦਿੱਤੀਆਂ ਗਈਆਂ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਵੀ ਕੋਈ ਸਮੱਸਿਆ ਹੋਵੇਗੀ ਉਸ ਦਾ ਹੱਲ ਕਰਵਾ ਦਿੱਤਾ ਜਾਵੇਗਾ।

ਜਦੋਂ ਇਸ ਮਾਮਲੇ ਬਾਰੇ ਸਿਵਲ ਹਸਪਤਾਲ ਦੇ ਐੱਸਐੱਮਓ ਲੈਂਬਰ ਰਾਮ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਦੱਸਿਆ ਕਿ ਕੱਲ੍ਹ ਤਕ ਉਨਾਂ੍ਹ ਕੋਲ 23 ਮਰੀਜ਼ ਉਲਟੀਆਂ ਤੇ ਪਖਾਨਿਆਂ ਵਾਲੇ ਦਾਖ਼ਲ ਹੋ ਚੁੱਕੇ ਹਨ ਜਿਨਾਂ੍ਹ ਵਿੱਚੋਂ ਦੋ ਮਰੀਜ਼ ਨੂੰ ਰੈਫਰ ਕਰ ਦਿੱਤਾ ਗਿਆ ਤੇ ਬਾਕੀਆਂ ਦਾ ਇਲਾਜ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ। ਉਨਾਂ੍ਹ ਦੱਸਿਆ ਕਿ ਮੌਕੇ ਤੋਂ ਪਾਣੀ ਦੇ ਸੈਂਪਲ ਭਰੇ ਗਏ ਹਨ ਤੇ ਜਾਂਚ ਲਈ ਭੇਜ ਦਿੱਤੇ ਗਏ ਹਨ। ਮੌਕੇ 'ਤੇ ਦੋ ਟੀਮਾਂ ਸਿਵਲ ਹਸਪਤਾਲ ਵੱਲੋਂ ਭੇਜੀਆਂ ਗਈਆਂ ਹਨ ਜੋ ਕਿ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਓਆਰਐੱਸ ਅਤੇ ਜ਼ਰੂਰੀ ਦਵਾਈਆਂ ਦੀ ਮਦਦ ਕਰ ਰਹੀਆਂ ਹਨ।