ਹਰਮੇਸ਼ ਸਰੋਆ, ਫਗਵਾੜਾ : ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਥਾਣਾ ਰਾਵਲਪਿੰਡੀ ਅਧੀਨ ਆਉਂਦੇ ਪਿੰਡ ਰਿਹਾਣਾ ਜੱਟਾਂ ਵਿਖੇ ਦਿਨ ਦਿਹਾੜੇ ਲੁਟੇਰਿਆਂ ਨੇ ਪਿਸਤੌਲ ਦੇ ਜ਼ੋਰ 'ਤੇ ਮਨੀਚੇਂਜਰ ਦੀ ਦੁਕਾਨ 'ਤੇ ਲੱਖਾਂ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ। ਡੀਐੱਸਪੀ ਫਗਵਾੜਾ ਪੁਲਿਸ ਟੀਮ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਜੀਕੇ ਇੰਟਰਨੈਸ਼ਨਲ ਵੈਸਟਰਨ ਯੂਨੀਅਨ ਨਾਂ ਦੀ ਮਨੀਚੇਂਜਰ ਦੁਕਾਨ ਦੇ ਮਾਲਕ ਯਸ਼ਪਾਲ ਵਾਸੀ ਕੋੜਿਆ ਮੁਹੱਲਾ ਫਗਵਾੜਾ ਨੇ ਦੱਸਿਆ ਕਿ ਉਸ ਦੀ ਰਿਹਾਣਾ ਜੱਟਾਂ ਵਿਖੇ ਮਨੀਚੇਂਜਰ ਦੀ ਦੁਕਾਨ ਹੈ। ਬੁੱਧਵਾਰ ਨੂੰ ਉਹ ਜਦੋਂ ਆਪਣੀ ਦੁਕਾਨ 'ਚ ਮੌਜੂਦ ਸੀ ਤਾਂ ਕਰੀਬ 2 ਵਜੇ ਉਨ੍ਹਾਂ ਦੀ ਦੁਕਾਨ 'ਚ ਸਵਿਫਟ ਕਾਰ ਸਵਾਰ ਵਿਅਕਤੀ ਆਇਆ ਤਾਂ ਉਸ ਨੇ ਪੈਸੇ ਟਰਾਂਸਫਰ ਕਰਨ ਦੀ ਗੱਲ ਆਖੀ ਜਿਸ ਤੋਂ ਬਾਅਦ ਉਹ ਦੁਕਾਨ 'ਚੋਂ ਬਾਹਰ ਚਲਾ ਗਿਆ ਤੇ ਬਾਅਦ 'ਚ ਉਹੀ ਵਿਅਕਤੀ ਆਪਣੇ 2 ਹੋਰ ਸਾਥੀਆਂ ਨਾਲ ਦੁਕਾਨ 'ਚ ਆਇਆ ਤਾਂ ਪਿਸਤੌਲ ਦੇ ਜ਼ੋਰ 'ਤੇ ਢਾਈ ਤੋਂ ਤਿੰਨ ਲੱਖ ਦੀ ਨਕਦੀ ਤੇ ਲੈਪਟਾਪ ਲੈ ਕੇ ਫ਼ਰਾਰ ਹੋ ਗਏ । ਉਨ੍ਹਾਂ ਕਿਹਾ ਕਿ ਲੁੱਟ ਤੋਂ ਪਹਿਲਾਂ ਉਨ੍ਹਾਂ ਨੇ ਉਸ ਦੇ ਪੁੱਠਾ ਦਾਤ ਵੀ ਮਾਰਿਆ ਜੋ ਕਿ ਬਾਅਦ ਵਿੱਚ ਦਾਤ ਉਥੇ ਹੀ ਛੱਡ ਗਏ।

ਪੀੜਤ ਯਸ਼ਪਾਲ ਮੁਤਾਬਕ ਉਕਤ ਵਾਰਦਾਤ ਤੋਂ ਬਾਅਦ ਉਨ੍ਹਾਂ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਇਕੱਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਵਧ ਗਈਆਂ ਹਨ ਜਿਸ ਦੀ ਮਿਸਾਲ ਦਿਨ-ਦਿਹਾੜੇ ਇਸ ਦੁਕਾਨ 'ਤੇ ਹੋਈ ਲੁੱਟ ਦੀ ਵਾਰਦਾਤ ਹੈ। ਉਨ੍ਹਾਂ ਕਿਹਾ ਕਿ ਉਕਤ ਵਾਰਦਾਤ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਸੀ ਪਰ ਕਿਸੇ ਵੀ ਪੁਲਿਸ ਅਧਿਕਾਰੀ ਨੇ ਫੋਨ ਨਹੀ ਚੁੱਕਿਆ। ਉਕਤ ਵਾਰਦਾਤ ਦੀ ਸੂਚਨਾਂ ਮਿਲਦੇ ਸਾਰ ਹੀ ਡੀਐੱਸਪੀ ਫਗਵਾੜਾ ਏਆਰ ਸ਼ਰਮਾ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।

ਇਸ ਮੌਕੇ ਡੀਐੱਸਪੀ ਨੇ ਦੱਸਿਆ ਕਿ ਉਕਤ ਵਾਰਦਾਤ ਨੂੰ ਚਿੱਟੇ ਰੰਗ ਦੀ ਸਵਿਫਟ ਕਾਰ ਸਵਾਰ 3 ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਦੁਕਾਨ ਦੇ ਨਜ਼ਦੀਕ ਲੱਗੇ ਸੀਸੀਟੀਵੀ ਵਿੱਚ ਉਕਤ ਸਵਿਫਟ ਗੱਡੀ ਦੀ ਤਸਵੀਰ ਵੀ ਆਈ ਹੈ ਜਿਸ ਦੇ ਆਧਾਰ 'ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਇਸ ਵਾਰਦਾਤ ਨੂੰ ਹੱਲ ਕਰ ਲਿਆ ਜਾਵੇਗਾ।