ਜਾਗਰਣ ਸੰਵਾਦਦਾਤਾ, ਕਪੂਰਥਲਾ : ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਪ੍ਰਰੀਖਿਆ 'ਚ 97.85 ਫ਼ੀਸਦੀ ਅੰਕ ਹਾਸਲ ਕਰ ਕੇ ਜ਼ਿਲ੍ਹੇ 'ਚ ਪਹਿਲਾ ਥਾਂ ਹਾਸਲ ਕਰਨ ਵਾਲਾ ਸਰਕਾਰੀ ਹਾਈ ਸਕੂਲ ਮੁੱਦੋਵਾਲ ਦਾ ਵਿਦਿਆਰਥੀ ਮੁਹੰਮਦ ਆਰਿਫ ਸੋਨੀ ਆਈਟੀ ਸੈਕਟਰ 'ਚ ਨੌਕਰੀ ਕਰਨ ਦਾ ਇੱਛੁਕ ਹੈ। ਬੋਰਡ ਦੀ ਮੈਰਿਟ 'ਚ 58ਵੇਂ ਥਾਂ 'ਤੇ ਰਹਿਣ ਵਾਲੇ ਮੁਹੰਮਦ ਆਰਿਫ ਸੋਨੀ ਦਾ ਕਹਿਣਾ ਹੈ ਕਿ ਉਹ ਆਪਣੇ ਮਾਪਿਆਂ ਵੱਲੋ ਮਿਲੇ ਸਹਿਯੋਗ ਤੇ ਅਧਿਆਪਕਾਂ ਦੀ ਯੋਗ ਅਗਵਾਈ ਤੇ ਸਖ਼ਤ ਮਿਹਨਤ ਸਕਦਾ ਇਸ ਮੁਕਾਮ 'ਤੇ ਪੁੱਜਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤਕ ਅਸੀਂ ਜੀਵਨ 'ਚ ਕੁਝ ਬਣਨ ਦਾ ਟੀਚਾ ਨਹੀਂ ਰੱਖਦੇ, ਉਨੀਂ ਦੇਰ ਤਕ ਅਸੀਂ ਉਸ ਟੀਚੇ ਦੀ ਪ੍ਰਰਾਪਤੀ ਨਹੀਂ ਕਰ ਸਕਦੇ। ਮੁਹੰਮਦ ਆਰਿਫ ਸੋਨੀ ਦੇ ਪਿਤਾ ਐਡਵੋਕੇਟ ਮੁਹੰਮਦ ਰਫੀਕ ਸੋਨੀ ਤੇ ਉਸ ਦੀ ਮਾਤਾ ਸ਼ਮੀਮ ਬੀਬੀ ਈਟੀਟੀ ਅਧਿਆਪਕਾ, ਜੋ ਸਰਕਾਰੀ ਐਲੀਮੈਂਟਰੀ ਸਕੂਲ ਮੁੱਦੋਵਾਲ 'ਚ ਤਾਇਨਾਤ ਹਨ, ਨੇ ਦੱਸਿਆ ਕਿ ਉਸ ਨੇ ਪੜ੍ਹਾਈ 'ਚ ਪਹਿਲਾਂ ਤੋਂ ਹੀ ਬਹੁਤ ਚੰਗੀ ਕਾਰਜਪ੍ਰਣਾਲੀ ਵਿਖਾਈ ਹੈ ਤੇ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਇਸ ਪ੍ਰਰਾਪਤੀ 'ਤੇ ਮਾਨ ਹੈ। ਉਨ੍ਹਾਂ ਮੁਹੰਮਦ ਆਰਿਫ ਸੋਨੀ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਦੇ ਕਰੀਬੀਆਂ ਵੱਲੋਂ ਪਰਿਵਾਰ ਨੂੰ ਵਧਾਈ ਦਿੱਤੀ ਜਾ ਰਹੀ ਹੈ।

ਪ੍ਰਭਜੋਤ ਕੌਰ 10ਵੀਂ ਦੀ ਪ੍ਰਰੀਖਿਆ 'ਚ 96.92 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ 'ਚ ਦੂਜੇ ਥਾਂ 'ਤੇ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ 'ਚ 237ਵੇਂ ਥਾਂ 'ਤੇ ਆਪਣਾ ਨਾਂ ਦਰਜ ਕਰਵਾਇਆ। ਸਰਕਾਰੀ ਗਰਲਜ਼ ਹਾਈ ਸਕੂਲ ਦਿਆਲਪੁਰ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਸ ਦਾ ਜੱਜ ਬਣਨ ਦਾ ਸੁਪਨਾ ਹੈ। ਉਹ ਜੱਜ ਬਣ ਕੇ ਲੋਕਾਂ ਨੂੰ ਜਲਦੀ ਇਨਸਾਫ ਦਿਵਾਉਣ ਦੀ ਇਛੁੱਕ ਹੈ। ਪ੍ਰਭਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਆਪਣੀ ਪੜ੍ਹਾਈ ਦੌਰਾਨ ਟਿਊਸ਼ਨ ਦਾ ਸਹਾਰਾ ਨਹੀਂ ਲਿਆ ਤੇ ਆਪਣੇ ਬਲਬੂਤੇ 'ਤੇ ਹੀ ਇਸ ਮੁਕਾਮ 'ਤੇ ਪੁੱਜੀ ਹੈ। ਪ੍ਰਭਜੋਤ ਕੌਰ ਦੇ ਪਿਤਾ ਅਸ਼ੋਕ ਕੁਮਾਰ ਤੇ ਮਾਤਾ ਬਲਵਿੰਦਰ ਕੌਰ ਨੇ ਆਪਣੀ ਧੀ ਦੀ ਇਸ ਪ੍ਰਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਉਹ ਆਪਣੀ ਧੀ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਵਾਉਣ, ਤਾਂਕਿ ਆਪਣੇ ਮਨ 'ਚ ਸੰਜੋਏ ਸੁਪਨਿਆਂ ਨੂੰ ਉਹ ਪੂਰਾ ਕਰ ਸਕੇ। ਉਨ੍ਹਾਂ ਆਪਣੀ ਧੀ ਦਾ ਮੂੰਹ ਮਿੱਠਾ ਕਰਵਾਇਆ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਸਾਰੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ।